ਮਹਾਰਾਸ਼ਟਰ ਦੀਆਂ ਚੋਣਾਂ ’ਚ ਭਾਜਪਾ ਦੇ ਪਿੱਛੇ ਆਰ. ਐੱਸ. ਐੱਸ. ਨੇ ਲਾਈ ਤਾਕਤ
Saturday, Nov 16, 2024 - 10:24 PM (IST)
ਨੈਸ਼ਨਲ ਡੈਸਕ- ਮੰਨਿਆ ਜਾ ਰਿਹਾ ਹੈ ਕਿ ਆਰ. ਐੱਸ. ਐੱਸ. ਦੀ ਲੀਡਰਸ਼ਿਪ ਨੇ ਭਾਜਪਾ ਨੂੰ ਕਿਹਾ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ’ਚ ‘ਮਹਾਯੁਤੀ’ ਨੂੰ ਲੀਡ ਮਿਲ ਰਹੀ ਹੈ। ਆਰ. ਐੱਸ. ਐੱਸ. ਪਹਿਲਾਂ ਹੀ 20,000 ਤੋਂ ਵੱਧ ਗਰੁੱਪ ਮੀਟਿੰਗਾਂ ਕਰ ਚੁੱਕੀ ਹੈ ਤੇ 20 ਨਵੰਬਰ ਨੂੰ ਵੋਟਿੰਗ ਤੋਂ ਪਹਿਲਾਂ ਇਹ ਗਿਣਤੀ 50,000 ਦੇ ਅੰਕੜੇ ਨੂੰ ਛੂਹ ਲਵੇਗੀ। ਸੰਘ ਦੇ ਵਾਲੰਟੀਅਰਾਂ ਦੀ ਫੌਜ ਹਰ ਦਰਵਾਜ਼ੇ ’ਤੇ ਦਸਤਕ ਦੇ ਰਹੀ ਹੈ। ਵਧੇਰੇ ਹਲਕਿਆਂ ’ਚ ਉਹ ਨਿੱਜੀ ਸੰਪਰਕ ਕਾਇਮ ਕਰ ਰਹੀ ਹੈ।
ਆਰ. ਐੱਸ. ਐੱਸ. ਨੇ ਆਪਣੇ ਜੁਅਾਇੰਟ ਜਨਰਲ ਸਕੱਤਰ ਅਤੁਲ ਸਮੇਤ ਪ੍ਰਮੁੱਖ ਅਹੁਦੇਦਾਰਾਂ ਨੂੰ ਤਾਇਨਾਤ ਕੀਤਾ ਹੈ। ਆਰ. ਐੱਸ. ਐੱਸ. ਤੇ ਭਾਜਪਾ ਨੇ ਰਣਨੀਤੀ ਬਦਲਣ ਦਾ ਫੈਸਲਾ ਕੀਤਾ ਹੈ। ਮਹਾਂ ਵਿਕਾਸ ਆਘਾੜੀ ਦੇ ਜਾਤੀ ਮਰਦਮਸ਼ੁਮਾਰੀ ਵਰਗੇ ਮੁੱਦਿਆਂ ਦਾ ਮੁਕਾਬਲਾ ਕਰਨ ਲਈ ‘ਬਟੇਂਗੇ ਤੋਂ ਕਟੇਂਗੇ’ ਅਤੇ ‘ਏਕ ਹੈਂ ਤੋਂ ਸੇਫ ਹੈ’ ਵਰਗੇ ਹਿੰਦੂ ਏਕਤਾ ਦੇ ਨਾਅਰੇ ਦਿੱਤੇ ਗਏ।
ਇਸ ਦੇ ਨਾਲ ਹੀ ਆਰ. ਐੱਸ. ਐੱਸ. ਨੇ ਆਪਣੇ ਸਾਰੇ 65 ਫਰੰਟਲ ਅਦਾਰਿਆਂ ਦੀ ਹਮਾਇਤ ਹਾਸਲ ਕਰਨ ਲਈ ਆਪਣੀ ‘ਸਜਗ ਰਹੋ’ ਮੁਹਿੰਮ ਸ਼ੁਰੂ ਕੀਤੀ ਹੈ।
ਦਿਲਚਸਪ ਗੱਲ ਇਹ ਹੈ ਕਿ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ‘ਬਟੇਂਗੇ ਤੋਂ ਕਟੇਂਗੇ’ ਦਾ ਨਾਅਰਾ ਬੁਲੰਦ ਕੀਤਾ, ਜਿਸ ਨਾਲ ਮਹਾਰਾਸ਼ਟਰ ਦੇ ਵੋਟਰਾਂ ’ਚ ਉਨ੍ਹਾਂ ਦੀ ਲੋਕਪ੍ਰਿਯਤਾ ਵਧ ਗਈ। ਇੱਥੇ ਧਾਰਮਿਕ ਵੰਡ ਇਸ ਤੋਂ ਪਹਿਲਾਂ ਕਦੇ ਨਹੀਂ ਵੇਖੀ ਗਈ ਸੀ। ਪ੍ਰਧਾਨ ਮੰਤਰੀ ਨੇ ਵੀ ਕਈ ਰੈਲੀਆਂ ’ਚ ਇਹ ਨਾਅਰਾ ਦੁਹਰਾਇਆ।
ਹਾਲਾਂਕਿ ਕਈ ਕਾਰਨਾਂ ਕਰ ਕੇ ਪੇਂਡੂ ਖੇਤਰਾਂ ’ਚ ਸੰਕਟ ਬਣਿਆ ਹੋਇਆ ਹੈ । ਜਿਨ੍ਹਾਂ ਖੇਤਰਾਂ ’ਚ ਕਪਾਹ, ਸੋਇਆਬੀਨ ਤੇ ਪਿਆਜ਼ ਦੀ ਕਾਸ਼ਤ ਹੁੰਦੀ ਹੈ, ਉਥੇ ਕਿਸਾਨ ਪ੍ਰੇਸ਼ਾਨ ਹਨ। ਲੋਕਾਂ ਨੂੰ ਇਹ ਵੀ ਅਹਿਸਾਸ ਹੈ ਕਿ ਕੇਂਦਰ ’ਚ ਮੋਦੀ ਅਤੇ ਸੂਬੇ ’ਚ ਮਹਾਯੁਤੀ ਕਾਰਨ ਉਨ੍ਹਾਂ ਦਾ ਭਵਿੱਖ ਬਿਹਤਰ ਹੋਵੇਗਾ। ਲੋਕ ਸਭਾ ਦੀਆਂ ਚੋਣਾਂ ’ਚ ਮਿਲੀ ਕਰਾਰੀ ਹਾਰ ਪਿੱਛੋਂ ਆਰ. ਐੱਸ. ਐੱਸ. ਨੇ ਆਪਣੀ ਸਾਰੀ ਤਾਕਤ ਭਾਜਪਾ ਦੇ ਪਿੱਛੇ ਲਾ ਦਿੱਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਆਰ. ਐੱਸ. ਐੱਸ. ਨੇ ਪੂਰੀ ਤਾਕਤ ਨਾਲ ਕੰਮ ਨਹੀਂ ਕੀਤਾ। ਭਾਜਪਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਦੋਹਾਂ ਵਿਚਕਾਰ ਪਾੜਾ ਘਟਾਇਅਾ ਗਿਆ। ਦੋਵਾਂ ਨੇ ਪਹਿਲਾਂ ਹਰਿਆਣਾ ਤੇ ਹੁਣ ਮਹਾਰਾਸ਼ਟਰ ਅਤੇ ਝਾਰਖੰਡ ’ਚ ਇਕੱਠਿਆਂ ਕੰਮ ਕੀਤਾ ਹੈ।