ਹਰ ਪਤੀ-ਪਤਨੀ ਨੂੰ 3 ਬੱਚੇ ਪੈਦਾ ਕਰਨੇ ਚਾਹੀਦੇ ਹਨ : ਭਾਗਵਤ
Monday, Dec 02, 2024 - 09:52 AM (IST)
ਨਾਗਪੁਰ (ਭਾਸ਼ਾ)- ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ ਵਾਧੇ ’ਚ ਗਿਰਾਵਟ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਦੀ ਕੁੱਲ ਪ੍ਰਜਣਨ ਦਰ (ਟੀ. ਐੱਫ. ਆਰ.) ਮੌਜੂਦਾ 2.1 ਦੀ ਬਜਾਏ ਘੱਟ ਤੋਂ ਘੱਟ 3 ਹੋਣੀ ਚਾਹੀਦੀ ਹੈ। ਟੀ. ਐੱਫ. ਆਰ. ਤੋਂ ਭਾਵ ਇਕ ਔਰਤ ਵੱਲੋਂ ਜਨਮ ਦਿੱਤੇ ਜਾਣ ਵਾਲੇ ਬੱਚਿਆਂ ਦੀ ਔਸਤ ਗਿਣਤੀ ਤੋਂ ਹੈ। ਨਾਗਪੁਰ ’ਚ ‘ਕਠਾਲੇ ਕੁੱਲ ਸੰਮੇਲਨ’ ’ਚ ਉਨ੍ਹਾਂ ਨੇ ਪਰਿਵਾਰਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਵੀ ਚਾਨਣਾ ਪਾਇਆ ਅਤੇ ਅਪੀਲ ਕੀਤੀ ਕਿ ਆਬਾਦੀ ਵਿਗਿਆਨ ਅਨੁਸਾਰ ਜੇ ਕਿਸੇ ਸਮਾਜ ਦੀ ਕੁੱਲ ਪ੍ਰਜਣਨ ਦਰ 2.1 ਤੋਂ ਹੇਠਾਂ ਜਾਂਦੀ ਹੈ ਤਾਂ ਉਹ ਸਮਾਜ ਖਤਮ ਹੋਣ ਦੇ ਕੰਢੇ ਪਹੁੰਚ ਸਕਦਾ ਹੈ।
ਉਨ੍ਹਾਂ ਕਿਹਾ, ‘‘ਆਬਾਦੀ ’ਚ ਕਮੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਈ ਭਾਸ਼ਾਵਾਂ ਅਤੇ ਸੱਭਿਆਚਾਰ ਪਹਿਲਾਂ ਹੀ ਅਲੋਪ ਹੋ ਚੁੱਕੇ ਹਨ। ਇਸ ਲਈ, ਪ੍ਰਜਣਨ ਦਰ ਨੂੰ 2.1 ਤੋਂ ਉੱਤੇ ਬਣਾਈ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੁਟੁੰਬ (ਪਰਿਵਾਰ) ਸਮਾਜ ਦਾ ਅਨਿੱਖੜਵਾਂ ਅੰਗ ਹੈ ਅਤੇ ਹਰ ਪਰਿਵਾਰ ਦੀ ਸਮਾਜ ਦੇ ਗਠਨ ’ਚ ਅਹਿਮੀਅਤ ਹੈ। ਆਰ. ਐੱਸ. ਐੱਸ. ਮੁਖੀ ਨੇ ਕਿਹਾ, ‘‘ਸਾਡੇ ਦੇਸ਼ ਦੀ ਆਬਾਦੀ ਨੀਤੀ, ਜੋ 1998 ਜਾਂ 2002 ਦੇ ਆਸਪਾਸ ਤਿਆਰ ਕੀਤੀ ਗਈ ਸੀ, ਕਹਿੰਦੀ ਹੈ ਕਿ ਆਬਾਦੀ ਵਾਧਾ ਦਰ 2.1 ਤੋਂ ਹੇਠਾਂ ਨਹੀਂ ਹੋਣੀ ਚਾਹੀਦੀ ਹੈ। ਇਹ ਘੱਟ ਤੋਂ ਘੱਟ 3 ਹੋਣੀ ਚਾਹੀਦੀ ਹੈ। (ਆਬਾਦੀ) ਵਿਗਿਆਨ ਅਜਿਹਾ ਕਹਿੰਦਾ ਹੈ।’’ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ. ਐੱਫ. ਐੱਚ. ਐੱਸ.) ਦੇ 2021 ’ਚ ਜਾਰੀ ਅੰਕੜਿਆਂ ਅਨੁਸਾਰ, ਭਾਰਤ ਦੀ ਟੀ. ਐੱਫ. ਆਰ. 2.2 ਤੋਂ ਘਟ ਕੇ 2 ਹੋ ਗਈ ਹੈ, ਜਦੋਂ ਕਿ ਗਰਭਨਿਰੋਧਕ ਵਰਤਣ ਦੀ ਦਰ 54 ਫ਼ੀਸਦੀ ਤੋਂ ਵਧ ਕੇ 67 ਫ਼ੀਸਦੀ ਹੋ ਗਈ ਹੈ। ਕੁੱਲ ਪ੍ਰਜਣਨ ਦਰ 2.1 ਨੂੰ ਬਦਲੀ ਦੀ ਦਰ ਮੰਨਿਆ ਜਾਂਦਾ ਹੈ, ਜੋ ਆਬਾਦੀ ਵਾਧੇ ’ਚ ਇਕ ਮਹੱਤਵਪੂਰਨ ਕਾਰਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8