RSS 'ਚ 12 ਸਾਲ ਬਾਅਦ ਵੱਡੀ ਤਬਦੀਲੀ, ਭੈਯਾਜੀ ਜੋਸ਼ੀ ਦੀ ਜਗ੍ਹਾ ਦੱਤਾਤ੍ਰੇਯ ਬਣੇ ਜਨਰਲ ਸਕੱਤਰ
Saturday, Mar 20, 2021 - 04:42 PM (IST)
ਬੈਂਗਲੁਰੂ- ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਨੇ ਦੱਤਾਤ੍ਰੇਯ ਹੋਸਬਾਲੇ ਨੂੰ ਨਵਾਂ ਜਨਰਲ ਸਕੱਤਰ ਚੁਣਿਆ ਹੈ। ਹੋਸਬਾਲੇ ਨੂੰ ਜਨਰਲ ਸਕੱਤਰ ਚੁਣੇ ਜਾਣ ਦਾ ਐਲਾਨ ਬੈਂਗਲੁਰੂ 'ਚ ਸ਼ਨੀਵਾਰ ਨੂੰ ਆਰ.ਐੱਸ.ਐੱਸ. ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ 'ਚ ਕੀਤਾ ਗਿਆ। ਹੋਸਬਾਲੇ 2009 ਤੋਂ ਆਰ.ਐੱਸ.ਐੱਸ. ਦੇ ਸਹਿ ਜਨਰਲ ਸਕੱਤਰ ਸਨ। ਉਨ੍ਹਾਂ ਦਾ ਆਰ.ਐੱਸ.ਐੱਸ. ਦੀ ਜਨਰਲ ਸਕੱਤਰ ਦੇ ਅਹੁਦੇ 'ਤੇ ਸਾਰਿਆਂ ਦੀ ਸਹਿਮਤੀ ਨਾਲ ਚੋਣ ਹੋਈ ਹੈ ਅਤੇ ਉਹ ਹੁਣ ਪਿਛਲੇ 12 ਸਾਲਾਂ ਤੋਂ ਇਸ ਅਹੁਦੇ 'ਤੇ ਕਾਬਿਜ਼ ਸੁਰੇਸ਼ ਭੈਯਾਜੀ ਜੋਸ਼ੀ ਦਾ ਸਥਾਨ ਲੈਣਗੇ। ਯਾਨੀ ਕਿ ਸੰਘ 'ਚ 12 ਸਾਲ ਬਾਅਦ ਵੱਡੀ ਤਬਦੀਲੀ ਆਈ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਰਹੀਆਂ ਹਨ ਰਾਸ਼ਟਰ ਵਿਰੋਧੀ ਤਾਕਤਾਂ : RSS
13 ਸਾਲ ਦੀ ਉਮਰ 'ਚ ਬਣੇ ਸਨ RSS ਦੇ ਸਵੈ ਸੇਵਕ
ਉਨ੍ਹਾਂ ਦਾ ਜਨਮ ਇਕ ਦਸੰਬਰ 1955 ਨੂੰ ਕਰਨਾਟਕ ਦੇ ਸ਼ਿਮੋਗਾ ਜ਼ਿਲ੍ਹੇ ਦੇ ਸੋਰਾਬਾ ਤਾਲੁਕ 'ਚ ਹੋਇਆ ਸੀ। ਉਨ੍ਹਾਂ ਨੇ ਅੰਗਰੇਜ਼ੀ ਵਿਸ਼ੇ ਤੋਂ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ। ਉਹ 1968 'ਚ 13 ਸਾਲ ਦੀ ਉਮਰ 'ਚ ਆਰ.ਐੱਸ.ਐੱਸ. ਦੇ ਸਵੈ ਸੇਵਕ ਬਣੇ ਅਤੇ 1972 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਜੁੜੇ। ਉਹ ਅਗਲੇ 15 ਸਾਲਾਂ ਤੱਕ ਪ੍ਰੀਸ਼ਦ ਦੇ ਸੰਗਠਨ ਮਹਾਮੰਤਰੀ ਰਹੇ ਅਤੇ 1975-77 ਦੇ ਜੇ.ਪੀ. ਅੰਦੋਲਨ 'ਚ ਵੀ ਸਰਗਰਮ ਰਹੇ। ਉਹ ਕਰੀਬ ਪੋਣੇ 2 ਸਾਲ ਸਾਲਾਂ ਤੱਕ 'ਮੀਸਾ' ਦੇ ਅਧੀਨ ਜੇਲ੍ਹ 'ਚ ਰਹੇ। ਉਨ੍ਹਾਂ ਨੇ ਜੇਲ੍ਹ 'ਚ 2 ਹੱਥੀਂ ਲਿਖੇ ਰਸਾਲਿਆਂ ਦਾ ਸੰਪਾਦਨ ਵੀ ਕੀਤਾ।
ਹੋਸਬਾਲੇ 1978 'ਚ ਨਾਗਪੁਰ ਨਗਰ ਸੰਪਰਕ ਮੁਖੀ ਦੇ ਰੂਪ 'ਚ ਵਿਦਿਆਰਥੀ ਪ੍ਰੀਸ਼ਦ 'ਚ ਪੂਰਨਕਾਲਿਕ ਵਰਕਰ ਬਣੇ। ਉਹ ਵਿਦਿਆਰਥੀ ਪ੍ਰੀਸ਼ਦ 'ਚ ਕਈ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਪ੍ਰੀਸ਼ਦ ਦੇ ਰਾਸ਼ਟਰੀ ਸੰਗਠਨ ਮੰਤਰੀ ਦੇ ਅਹੁਦੇ ਲਈ ਚੁਣੇ ਗਏ। ਗੁਹਾਟੀ 'ਚ ਯੁਵਾ ਵਿਕਾਸ ਕੇਂਦਰ ਦੇ ਸੰਚਾਲਨ 'ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ। ਉਨ੍ਹਾਂ ਨੂੰ ਅੰਡਮਾਨ-ਨਿਕੋਬਾਰ ਦੀਪ ਸਮੂਹ ਅਤੇ ਪੂਰਬ-ਉੱਤਰ ਭਾਰਤ 'ਚ ਵਿਦਿਆਰਥੀ ਪ੍ਰੀਸ਼ਦ ਦੇ ਕਾਰਜ ਵਿਸਥਾਰ ਦਾ ਸਿਹਰਾ ਵੀ ਜਾਂਦਾ ਹੈ। ਉਹ ਨੇਪਾਲ, ਰੂਸ, ਇੰਗਲੈਂਡ, ਫਰਾਂਸ ਅਤੇ ਅਮਰੀਕਾ ਦੀਆਂ ਯਾਤਰਾਵਾਂ ਵੀ ਕਰ ਚੁਕੇ ਹਨ।
ਇਹ ਵੀ ਪੜ੍ਹੋ: 'ਫਟੀ ਜੀਨਸ' ਬਿਆਨ 'ਤੇ ਵਿਵਾਦ ਵਧਣ ਦਰਮਿਆਨ ਤੀਰਥ ਰਾਵਤ ਨੇ ਮੰਗੀ ਮੁਆਫ਼ੀ
2008 ਤੋਂ ਸਹਿ ਜਨਰਲ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਹਨ
ਉਨ੍ਹਾਂ ਨੇ ਪੂਰੇ ਭਾਰਤ ਦੀ ਕਈ ਵਾਰ ਯਾਤਰਾ ਕੀਤੀ ਹੈ। ਉਹ ਕੁਝ ਸਮੇਂ ਪਹਿਲਾਂ ਨੇਪਾਲ 'ਚ ਆਏ ਭਿਆਨਕ ਭੂਚਾਲ ਤੋਂ ਬਾਅਦ ਆਰ.ਐੱਸ.ਐੱਸ. ਵਲੋਂ ਭੇਜੀ ਗਈ ਰਾਹਤ ਸਮੱਗਰੀ ਅਤੇ ਰਾਹਤ ਦਲ ਦੇ ਮੁਖੀ ਦੇ ਨੇਤਾ ਨੇਪਾਲ ਵੀ ਗਏ ਸਨ ਅਤੇ ਉੱਥੇ ਕਈ ਦਿਨਾਂ ਤੱਕ ਸੇਵਾ ਕੰਮ ਵੀ ਕੀਤਾ ਸੀ। ਹੋਸਬਾਲੇ 2004 'ਚ ਆਰ.ਐੱਸ.ਐੱਸ. ਦੇ ਅਖਿਲ ਭਾਰਤੀ ਸਹਿ-ਬੁੱਧੀਜੀਵੀ ਮੁਖੀ ਬਣਾਏ ਗਏ। ਇਸ ਤੋਂ ਬਾਅਦ 2008 ਤੋਂ ਸਹਿ ਜਨਰਲ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਹਨ। ਉਹ ਆਪਣੀ ਮਾਂ ਬੋਲੀ ਕੰਨੜ ਤੋਂ ਇਲਾਵਾ ਅੰਗਰੇਜ਼ੀ, ਹਿੰਦੀ, ਸੰਸਕ੍ਰਿਤੀ, ਤਮਿਲ, ਮਰਾਠੀ ਆਦਿ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਵਿਦਵਾਨ ਹਨ। ਉਹ ਕੰਨੜ-ਮਾਸਿਕ 'ਅਸੀਮਾ' ਦੇ ਸੰਸਥਾਪਕ-ਸੰਪਾਦਕ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ