ਨਵਾਂਸ਼ਹਿਰ ਪੁਲਸ ਦੀ ਵੱਡੀ ਸਫ਼ਲਤਾ! ਨਾਮੀ ਗੈਂਗਸਟਰਾਂ ਦਾ ਸਾਥੀ ਹਥਿਆਰ ਨਾਲ ਗ੍ਰਿਫ਼ਤਾਰ
Wednesday, Oct 01, 2025 - 02:59 PM (IST)

ਨਵਾਂਸ਼ਹਿਰ (ਤ੍ਰਿਪਾਠੀ)-ਜ਼ਿਲ੍ਹਾ ਪੁਲਸ ਨੇ ਗੈਂਗਸਟਰ ਗੋਪੀ ਨਵਾਂਸ਼ਹਿਰੀਅਨ ਅਤੇ ਮੰਨੂ ਅਗਵਾਨ ਦੇ ਇਕ ਸਾਥੀ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਨੇ ਪ੍ਰੈੱਸ ਜਾਣਕਾਰੀ ਵਿਚ ਦੱਸਿਆ ਕਿ ਐੱਸ. ਪੀ (ਜਾਂਚ) ਸਰਬਜੀਤ ਸਿੰਘ ਵਾਹੀਆ ਅਤੇ ਡੀ. ਐੱਸ. ਪੀ. ਰਾਜਕੁਮਾਰ ਦੀ ਅਗਵਾਈ ਹੇਠ ਅਪਰਾਧੀਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਰਾਹੋਂ ਪੁਲਸ ਨੇ ਪਟਿਆਲਾ ਵਾਸੀ ਅਜੈ ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਗੈਂਗਸਟਰ ਗੋਪੀ ਨਵਾਂਸ਼ਹਿਰੀਆ ਅਤੇ ਮੰਨੂ ਅਗਵਾਨ ਗੈਂਗ ਨਾਲ ਸਬੰਧਤ ਹੈ, ਜੋਕਿ ਬੀ. ਕੇ. ਆਈ. ਗਰੁੱਪ ਨਾਲ ਜੁੜੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਪੰਜਾਬ ਭਰ ਦੇ ਵੱਖ-ਵੱਖ ਥਾਣਿਆਂ ਵਿਚ ਜਬਰੀ ਵਸੂਲੀ, ਕਤਲ, ਗ੍ਰਨੇਡ ਸੁੱਟਣ ਅਤੇ ਗੋਲੀਬਾਰੀ ਦੇ ਗੰਭੀਰ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ:ਜਲੰਧਰ ਵਾਸੀ ਸਾਵਧਾਨ! ਰੈੱਡ ਲਾਈਟ ਜੰਪ, ਜ਼ੈਬਰਾ ਕਰਾਸਿੰਗ ਤੇ ਰਾਂਗ ਸਾਈਡ ਐਂਟਰੀ ’ਤੇ ਈ-ਚਲਾਨ ਦਾ ਫੋਕਸ
ਉਨ੍ਹਾਂ ਦੱਸਿਆ ਕਿ ਐੱਸ. ਆਈ. ਰਾਮ ਲਾਲ ਦੀ ਪੁਲਸ ਪਾਰਟੀ ਰਾਹੋਂ ਦੇ ਫਿਲੌਰ ਰੋਡ ’ਤੇ ਮੌਜੂਦ ਸੀ, ਜਦੋਂ ਪੁਲਸ ਦੇ ਮੁਖਬਰ ਖ਼ਾਸ ਨੇ ਭਰੋਸੇਯੋਗ ਜਾਣਕਾਰੀ ਦਿੱਤੀ ਕਿ ਪਟਿਆਲਾ ਦਾ ਰਹਿਣ ਵਾਲਾ ਅਜੈ, ਗੁਰੂ ਨਾਨਕਪੁਰਾ ਤੋਂ ਭਾਰਟਾ ਵਾਲੇ ਪਾਸੇ ਜਾਣ ਵਾਲੀ ਨਹਿਰ (ਸੂਆ) ਦੇ ਕੰਢੇ ’ਤੇ ਖੜ੍ਹਾ ਹੈ, ਇਕ ਗੈਰ-ਕਾਨੂੰਨੀ ਪਿਸਤੌਲ ਨਾਲ ਲੈਸ ਹੈ ਅਤੇ ਕਿਸੇ ਦੀ ਉਡੀਕ ਕਰ ਰਿਹਾ ਹੈ। ਜੇਕਰ ਇਸੇ ਸਮੇਂ ਛਾਪਾ ਮਾਰਿਆ ਜਾਵੇ, ਤਾਂ ਉਸਨੂੰ ਹਥਿਆਰ ਸਮੇਤ ਫੜਿਆ ਜਾ ਸਕਦਾ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਸੂਚਨਾ ’ਤੇ ਕਾਰਵਾਈ ਕਰਦਿਆਂ, ਪੁਲਸ ਨੇ ਅਜੇ ਕੁਮਾਰ ਨੂੰ ਗੁਰੂ ਨਾਨਕਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਗ੍ਰਿਫ਼ਤਾਰ ਕਰਕੇ ਅਤੇ ਉਸ ਤੋਂ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਹੋਂ ਪੁਲਸ ਸਟੇਸ਼ਨ ਵਿਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8