ਹੜ੍ਹਾਂ ਦੀ ਤਬਾਹੀ ਨੂੰ ਲੈ ਕੇ ਵਿਧਾਨ ਸਭਾ 'ਚ ਲਾਲਜੀਤ ਸਿੰਘ ਭੁੱਲਰ ਦੀ ਵੱਡੀ ਅਪੀਲ, ਜਾਣੋ ਕੀ ਕਿਹਾ
Friday, Sep 26, 2025 - 05:33 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਹੜ੍ਹਾਂ ਦੇ ਮੁੱਦੇ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੂਰੇ ਪੰਜਾਬ ਸਣੇ ਵਿਧਾਨ ਸਭਾ ਪੱਟੀ 'ਚ ਹੜ੍ਹਾਂ ਨੇ ਵੱਡੀ ਮਾਰ ਮਾਰੀ ਹੈ ਅਤੇ ਇਸ ਨਾਲ ਕਿਸਾਨਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਜਿੱਥੇ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹੀ ਜੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਮੰਤਰੀ ਭੁੱਲਰ ਨੇ ਕਿਹਾ ਕਿ ਇੰਨੇ ਜ਼ਿਆਦਾ ਬੁਰੇ ਹਾਲਾਤ 'ਚ ਸਾਡੇ ਸਾਥੀ ਮੈਂਬਰ ਕਹਿ ਰਹੇ ਹਨ ਕਿ ਕੋਈ ਵੀ ਪੰਜਾਬ ਲਈ ਪੈਸਾ ਨਾ ਦੇਵੇ। ਉਨ੍ਹਾਂ ਕਿਹਾ ਕਿ ਅਸੀਂ ਤ੍ਰਾਸਦੀ ਵੇਲੇ ਲੋਕਾਂ 'ਚ ਗਏ ਅਤੇ ਉਨ੍ਹਾਂ ਦਾ ਦੁੱਖ ਵੰਡਾਇਆ ਤਾਂ ਲੋਕਾਂ ਨੂੰ ਹੌਂਸਲਾ ਹੀ ਬਹੁਤ ਹੋ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡਾ ਹੋਇਆ ਬੰਦ! ਜਹਾਜ਼ਾਂ 'ਚ ਸਫ਼ਰ ਕਰਨ ਵਾਲੇ ਲੋਕ ਦੇਣ ਧਿਆਨ
ਸਾਡੇ ਸਾਰੇ ਵਿਧਾਇਕ ਅਤੇ ਮੰਤਰੀ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਸਨ। ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਿਨ-ਰਾਤ ਲੋਕਾਂ ਦੀ ਸੇਵਾ 'ਚ ਜੁੱਟੀ ਰਹੀ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਹਰ ਕੰਮ ਦਾ ਵਿਰੋਧ ਕਰਦੇ ਹਨ, ਜੋ ਸਹੀ ਨਹੀਂ ਹੈ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਈ ਪਿੰਡਾਂ 'ਚ ਲੋਕਾਂ ਦੇ ਘਰ ਢਹਿ ਗਏ ਅਤੇ ਕੁੱਝ ਢਹਿਣ ਵਾਲੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਰਿਆਂ ਨੂੰ ਇਕਮੁੱਠ ਹੋ ਕੇ ਕੇਂਦਰ ਕੋਲ ਮੰਗ ਚੁੱਕਣੀ ਚਾਹੀਦੀ ਹੈ ਕਿ 1600 ਕਰੋੜ ਨਾਲ ਕੁੱਝ ਨਹੀਂ ਬਣਨਾ, ਘੱਟੋ-ਘੱਟ 20 ਹਜ਼ਾਰ ਕਰੋੜ ਰੁਪਏ ਦਾ ਪੈਕਜ ਦਿੱਤਾ ਜਾਵੇ, ਜਿਹਦੇ ਨਾਲ ਪੰਜਾਬ ਥੋੜ੍ਹਾ ਤਾਂ ਪੈਰਾ 'ਤੇ ਖੜ੍ਹਾ ਹੋਵੇਗਾ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਫ਼ਗਾਨਿਸਾਨ ਨਾਲੋਂ ਵੀ ਪੰਜਾਬ ਨੂੰ ਨੀਵਾਂ ਸਮਝਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਖੁੱਲ੍ਹ ਦਿਲੀ ਨਾਲ ਪੰਜਾਬ ਨੂੰ ਪੈਕਜ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ-ਜਿਸ ਨੇ ਪੰਜਾਬ ਨਾਲ ਧੱਕਾ ਕੀਤਾ ਹੈ, ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਹੱਕਾਂ ਲਈ ਲੜਾਈ ਲੜਨੀ ਚਾਹੀਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8