ਜਲੰਧਰ ਦੇ ਇਸ ਮਸ਼ਹੂਰ ਕਾਲਜ ਨੇੜਿਓਂ ਨਿਕਲੇ 12 ਜ਼ਹਿਰੀਲੇ ਸੱਪ, ਵੇਖ ਉੱਡੇ ਲੋਕਾਂ ਦੇ ਹੋਸ਼
Wednesday, Oct 01, 2025 - 12:25 PM (IST)

ਜਲੰਧਰ (ਖੁਰਾਣਾ)–ਸ਼ਹਿਰ ਦੀ ਸਭ ਤੋਂ ਪਾਸ਼ ਕਹੀ ਜਾਣ ਵਾਲੀ ਕਾਲੋਨੀ ਸੂਰਿਆ ਐਨਕਲੇਵ ਮੰਗਲਵਾਰ ਨੂੰ ਉਸ ਸਮੇਂ ਭਾਰੀ ਦਹਿਸ਼ਤ ਵਿਚ ਆ ਗਈ, ਜਦੋਂ ਟ੍ਰਿਨਿਟੀ ਕਾਲਜ ਨੇੜੇ ਸਥਿਤ ਇਕ ਖਾਲੀ ਪਲਾਟ ਵਿਚੋਂ ਕੋਬਰਾ ਸਮੇਤ 12 ਜ਼ਹਿਰੀਲੇ ਸੱਪ ਨਿਕਲ ਆਏ। ਕਾਲੋਨੀ ਵਿਚ ਅਚਾਨਕ ਹੋਈ ਇਸ ਘਟਨਾ ਨਾਲ ਲੋਕ ਡਰ ਗਏ। ਮੌਕੇ ’ਤੇ ਬੁਲਾਏ ਗਏ ਸਪੇਰਿਆਂ ਦੀ ਟੀਮ ਨੇ ਬੀਨ ਵਜਾ ਕੇ ਅਤੇ ਆਪਣੇ ਢੰਗ ਨਾਲ ਸਾਰੇ ਸੱਪਾਂ ਨੂੰ ਫੜ ਲਿਆ।
ਕਾਲੋਨੀ ਨਿਵਾਸੀ ਅਮਿਤ ਸਹਿਗਲ, ਓਮ ਦੱਤ ਸ਼ਰਮਾ, ਪਵਨ ਕੋਚਰ, ਜੁਗਰਾਜ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਸ਼੍ਰੀ ਸ਼ਰਮਾ ਉਕਤ ਖਾਲੀ ਪਲਾਟ ਵਿਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਉਥੇ ਸੱਪ ਵੇਖਿਆ ਅਤੇ ਹੋਰਨਾਂ ਲੋਕਾਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸਪੇਰਿਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਖੁੱਡਾਂ ਵਿਚੋਂ ਸੱਪ ਕੱਢਣ ਦਾ ਸਿਲਸਿਲਾ ਸ਼ੁਰੂ ਕੀਤਾ। ਕਾਲੋਨੀ ਨਿਵਾਸੀਆਂ ਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ, ਜਦੋਂ ਇਕ-ਇਕ ਕਰ ਕੇ 12 ਸੱਪ ਸਪੇਰਿਆਂ ਵੱਲੋਂ ਫੜ ਲਏ ਗਏ। ਇਨ੍ਹਾਂ ਵਿਚ ਇਕ ਕੋਬਰਾ ਸੱਪ, 3 ਨਰ-ਮਾਦਾ ਦੇ ਜੋੜੇ ਅਤੇ ਉਨ੍ਹਾਂ ਦੇ 5 ਬੱਚੇ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡੂੰਘੀ ਹੋ ਰਹੀ ਕਾਂਗਰਸ 'ਚ ਧੜੇਬੰਦੀ, ਚਿੰਤਾ 'ਚ ਹਾਈਕਮਾਨ
ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਹੈ ਇਹ ਪਾਸ਼ ਕਾਲੋਨੀ
ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਜਦੋਂ ਤਜਿੰਦਰ ਸਿੰਘ ਬਿੱਟੂ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਨ, ਉਦੋਂ ਉਨ੍ਹਾਂ ਹਾਈਵੇ ਕੰਢੇ ਅਤੇ ਬਸ਼ੀਰਪੁਰਾ ਦੀ ਛੱਪੜ ਵਾਲੀ ਜ਼ਮੀਨ ’ਤੇ ਇਸ ਕਾਲੋਨੀ ਨੂੰ ਵਸਾਇਆ ਸੀ। ਉਸ ਸਮੇਂ ਇਸ ਨੂੰ ਸ਼ਹਿਰ ਦੀ ਸਭ ਤੋਂ ਪਾਸ਼ ਕਾਲੋਨੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਅਤੇ ਸਾਰੇ ਪਲਾਟ ਹੱਥੋ-ਹੱਥ ਵਿਕ ਗਏ ਸਨ। ਲੋਕ ਮਹਿੰਗੇ ਭਾਅ ਵ੍ਹਾਈਟ ਮਨੀ ਦੇ ਕੇ ਸਿਰਫ਼ ਇਸ ਉਮੀਦ ਨਾਲ ਇਥੇ ਵਸੇ ਸਨ ਕਿ ਉਨ੍ਹਾਂ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਮਿਲਣਗੀਆਂ ਪਰ ਇਸ ਤੋਂ ਬਾਅਦ ਆਏ ਕਿਸੇ ਵੀ ਚੇਅਰਮੈਨ ਨੇ ਸੂਰਿਆ ਐਨਕਲੇਵ ਵੱਲ ਧਿਆਨ ਨਹੀਂ ਦਿੱਤਾ। ਨਤੀਜਾ ਇਹ ਹੋਇਆ ਕਿ ਕੁਝ ਹੀ ਸਾਲਾਂ ਵਿਚ ਕਾਲੋਨੀ ਆਪਣੀ ਪਛਾਣ ਗੁਆ ਬੈਠੀ ਅਤੇ ਅੱਜ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਹੈ। ਇਥੇ ਰਹਿਣ ਵਾਲੇ ਲੋਕ ਆਏ ਦਿਨ ਸਮੱਸਿਆਵਾਂ ਨੂੰ ਲੈ ਕੇ ਟਰੱਸਟ ਜਾਂ ਨਗਰ ਨਿਗਮ ਆਫਿਸ ਦੇ ਚੱਕਰ ਲਾਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਰਜਿਸਟਰੀਆਂ ਵਾਲੇ ਦੇਣ ਧਿਆਨ, ਪੰਜਾਬ 'ਚ ਵੱਡਾ ਫੇਰਬਦਲ! 29 ਅਧਿਕਾਰੀਆਂ ਦੇ ਤਬਾਦਲੇ
ਖਾਲੀ ਪਲਾਟਾਂ ਦੀ ਸਫ਼ਾਈ ਅਤੇ ਫੌਗਿੰਗ ’ਤੇ ਉੱਠੇ ਸਵਾਲ
ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਸ ਪਲਾਟ ਵਿਚੋਂ ਸੱਪ ਨਿਕਲੇ ਹਨ, ਉਥੇ ਲੰਮੇ ਸਮੇਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਬਣੀ ਹੋਈ ਸੀ। ਇਸ ਕਾਰਨ ਉਥੇ ਦਲਦਲ ਵਰਗੀ ਸਥਿਤੀ ਰਹਿੰਦੀ ਸੀ ਅਤੇ ਸੰਭਵ ਹੈ ਕਿ ਉਸੇ ਵਜ੍ਹਾ ਨਾਲ ਸੱਪਾਂ ਨੂੰ ਉਥੇ ਡੇਰਾ ਜਮਾ ਲਿਆ। ਲੋਕਾਂ ਨੇ ਦੋਸ਼ ਲਾਇਆ ਕਿ ਨਾ ਤਾਂ ਇੰਪਰੂਵਮੈਂਟ ਟਰੱਸਟ ਅਤੇ ਨਾ ਹੀ ਨਗਰ ਨਿਗਮ ਨੇ ਖਾਲੀ ਪਲਾਟਾਂ ਦੀ ਸਫਾਈ ਵੱਲ ਧਿਆਨ ਦਿੱਤਾ। ਫੌਗਿੰਗ ਦਾ ਵੀ ਉਚਿਤ ਪ੍ਰਬੰਧ ਨਹੀਂ ਕੀਤਾ ਗਿਆ, ਸਿਰਫ਼ ਖਾਨਾਪੂਰਤੀ ਕੀਤੀ ਗਈ।
ਆਗੂਆਂ ’ਤੇ ਵੀ ਨਿਸ਼ਾਨੇ
ਗੁੱਸੇ ਵਿਚ ਨਿਵਾਸੀਆਂ ਨੇ ਕਿਹਾ ਕਿ ਆਗੂਆਂ ਨੇ ਚੋਣਾਂ ਦੇ ਮੌਸਮ ਵਿਚ ਕਾਲੋਨੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਪਰ ਉਹ ਕਾਗਜ਼ਾਂ ਤਕ ਹੀ ਸੀਮਤ ਰਹਿ ਗਏ। ਚੋਣਾਂ ਦੇ ਸਮੇਂ ਆਗੂ ਵੋਟਾਂ ਲੈਣ ਜ਼ਰੂਰ ਆਉਂਦੇ ਹਨ, ਆਪਣੇ ਚਹੇਤਿਆਂ ਕੋਲ ਇਥੇ ਚਾਹ-ਪਾਣੀ ਪੀਂਦੇ ਹਨ ਅਤੇ ਭਾਸ਼ਣ ਦਿੰਦੇ ਹਨ ਅਤੇ ਉਸ ਤੋਂ ਬਾਅਦ ਚਲੇ ਜਾਂਦੇ ਹਨ ਪਰ ਅਸਲੀ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੰਦਾ।
ਇਹ ਵੀ ਪੜ੍ਹੋ: Punjab: ਰੇਲਵੇ ਵਿਭਾਗ ਦੀ ਵੱਡੀ ਕਾਰਵਾਈ! 62 ਯਾਤਰੀਆਂ ਨੂੰ ਲੱਗਾ 32 ਹਜ਼ਾਰ ਰੁਪਏ ਦਾ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8