ਸੰਘ ਨੂੰ ਭਾਜਪਾ ਦੀ ਐਨਕ ਨਾਲ ਵੇਖਣਾ ‘ਇਕ ਬਹੁਤ ਵੱਡੀ ਗਲਤੀ’ : ਭਾਗਵਤ
Sunday, Dec 21, 2025 - 08:38 PM (IST)
ਕੋਲਕਾਤਾ, (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਭਾਜਪਾ ਦੀ ਐਨਕ ਨਾਲ ਸੰਘ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਰਾਸ਼ਟਰੀ ਸਵੈਮ ਸੇਵਕ ਸੰਘ ਸਿਰਫ਼ ਇਕ ਸੇਵਾ ਸੰਗਠਨ ਨਹੀਂ ਹੈ। ਇਸ ਨੂੰ ਸਮਝਣ ਲਈ ਖੁਦ ਸੰਘ ਨੂੰ ਵੇਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੰਘ ਨੂੰ ਭਾਜਪਾ ਦੀ ਐਨਕ ਨਾਲ ਵੇਖਦੇ ਹਨ। ਇਹ ਇਕ ਵੱਡੀ ਗਲਤੀ ਹੋਵੇਗੀ। ਸੰਘ ਨੂੰ ਵੇਖ ਕੇ ਕੋਈ ਨਹੀਂ ਸਮਝ ਸਕਦਾ। ਇਸ ਨੂੰ ਮਹਿਸੂਸ ਕਰਨਾ ਚਾਹੀਦਾ ਹੈ। ਭਾਗਵਤ ਦਾ ਇਹ ਬਿਆਨ ਜਰਮਨੀ ’ਚ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਬਾਰੇ ਇਹ ਕਹਿਣ ਤੋਂ ਬਾਅਦ ਆਇਆ ਹੈ ਕਿ ਸੰਘ ਮੁਖੀ ਖੁੱਲ੍ਹ ਕੇ ਕਹਿ ਰਹੇ ਹਨ ਕਿ ਸੱਚਾਈ ਨਹੀਂ ਤਾਕਤ ਅਹਿਮ ਹੈ।
ਐਤਵਾਰ ਸਾਇੰਸ ਸਿਟੀ ਆਡੀਟੋਰੀਅਮ ਵਿਖੇ ਆਰ. ਐੱਸ. ਐੱਸ. ਦੇ ਸ਼ਤਾਬਦੀ ਸਮਾਰੋਹਾਂ ਨੂੰ ਮਨਾਉਣ ਲਈ ਆਯੋਜਿਤ ਇਕ ਪ੍ਰੋਗਰਾਮ ’ਚ ਬੋਲਦਿਆਂ ਭਾਗਵਤ ਨੇ ਕਿਹਾ ਕਿ ‘ਗੁੰਮਰਾਹਕੁੰਨ ਮੁਹਿੰਮਾਂ’ ਕਾਰਨ ਸਮਾਜ ਦੇ ਇਕ ਵਰਗ ’ਚ ਸੰਗਠਨ ਬਾਰੇ ਕੁਝ ਗਲਤ ਧਾਰਨਾਵਾਂ ਹਨ। ਸੰਘ ਦਾ ਕੋਈ ਦੁਸ਼ਮਣ ਨਹੀਂ ਪਰ ਕੁਝ ਲੋਕ ਹਨ ਜਿਨ੍ਹਾਂ ਦੇ ਸੌੜੇਪਣ ਦੀਆਂ ਦੁਕਾਨਾਂ ਸੰਗਠਨ ਦੇ ਵਾਧੇ ਨਾਲ ਬੰਦ ਹੋ ਜਾਣਗੀਆਂ।
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸੰਘ ਬਾਰੇ ਕੋਈ ਵੀ ਰਾਏ ਬਣਾਉਣ ਦਾ ਅਧਿਕਾਰ ਹੈ ਪਰ ਉਹ ਰਾਏ ਸੱਚਾਈ ’ਤੇ ਅਾਧਾਰਤ ਹੋਣੀ ਚਾਹੀਦੀ ਹੈ, ਨਾ ਕਿ ਚਰਚਾ ਤੇ ਵੱਖ-ਵੰਖ ਸੋਮਿਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ।
ਭਾਗਵਤ ਨੇ ਕਿਹਾ ਰਿ ਲੋਕਾਂ ਤੱਕ ਅਸਲੀਅਤ ਪਹੁੰਚਾਉਣ ਲਈ ਦੇਸ਼ ਦੇ 4 ਸ਼ਹਿਰਾਂ ’ਚ ਭਾਸ਼ਣ ਤੇ ਵਿਚਾਰ-ਵਟਾਂਦਰੇ ਦੇ ਸੈਸ਼ਨ ਆਯੋਜਿਤ ਕੀਤੇ ਗਏ ਹਨ। ਆਰ. ਐੱਸ. ਐੱਸ. ਦਾ ਕੋਈ ਸਿਆਸੀ ਏਜੰਡਾ ਨਹੀਂ ਹੈ । ਇਹ ਹਿੰਦੂ ਸਮਾਜ ਦੀ ਭਲਾਈ ਤੇ ਸੁਰੱਖਿਆ ਲਈ ਕੰਮ ਕਰਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਇਕ ਵਾਰ ਫਿਰ ‘ਵਿਸ਼ਵਗੁਰੂ’ ਬਣ ਜਾਵੇਗਾ ਤੇ ਸਮਾਜ ਨੂੰ ਇਸ ਲਈ ਤਿਆਰ ਕਰਨਾ ਆਰ. ਐੱਸ. ਐੱਸ. ਦਾ ਫਰਜ਼ ਹੈ। ਸ਼ਤਾਬਦੀ ਸਮਾਰੋਹਾਂ ਦੇ ਹਿੱਸੇ ਵਜੋਂ ਸੰਘ ਕੋਲਕਾਤਾ, ਦਿੱਲੀ, ਮੁੰਬਈ ਤੇ ਬੈਂਗਲੁਰੂ ’ਚ ਅਜਿਹੇ ਸੈਸ਼ਨ ਆਯੋਜਿਤ ਕਰ ਰਿਹਾ ਹੈ।
