ਸਨਾਤਨ ਸੰਸਕ੍ਰਿਤੀ ਰਾਜਮਹਿਲਾਂ ਤੋਂ ਨਹੀਂ, ਆਸ਼ਰਮਾਂ ਤੋਂ ਨਿਕਲੀ : ਭਾਗਵਤ

Thursday, Jul 18, 2024 - 11:54 PM (IST)

ਸਨਾਤਨ ਸੰਸਕ੍ਰਿਤੀ ਰਾਜਮਹਿਲਾਂ ਤੋਂ ਨਹੀਂ, ਆਸ਼ਰਮਾਂ ਤੋਂ ਨਿਕਲੀ : ਭਾਗਵਤ

ਗੁਮਲਾ (ਝਾਰਖੰਡ), (ਭਾਸ਼ਾ)- ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਪੂਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ ਕਿ ਭਾਰਤ ਕੋਲ ਸ਼ਾਂਤੀ ਅਤੇ ਖੁਸ਼ਹਾਲੀ ਦਾ ਰਸਤਾ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਮਨੁੱਖ ਜਾਤੀ ਦੇ ਕਲਿਆਣ ’ਚ ਵਿਸ਼ਵਾਸ ਕਰਦਾ ਹੈ।

ਭਾਗਵਤ ਨੇ ਕਿਹਾ, ‘‘ਪਿਛਲੇ 2000 ਸਾਲਾਂ ’ਚ ਵੱਖ-ਵੱਖ ਪ੍ਰਯੋਗ ਕੀਤੇ ਗਏ ਪਰ ਉਹ ਭਾਰਤ ਦੀ ਰਵਾਇਤੀ ਜੀਵਨ ਸ਼ੈਲੀ ’ਚ ਸ਼ਾਮਲ ਖੁਸ਼ੀ ਅਤੇ ਸ਼ਾਂਤੀ ਪ੍ਰਦਾਨ ਕਰਨ ’ਚ ਅਸਫਲ ਰਹੇ। ਕੋਰੋਨਾ ਤੋਂ ਬਾਅਦ ਦੁਨੀਆ ਨੂੰ ਪਤਾ ਲੱਗਾ ਕਿ ਭਾਰਤ ਕੋਲ ਸ਼ਾਂਤੀ ਅਤੇ ਖੁਸ਼ਹਾਲੀ ਦਾ ਰਸਤਾ ਹੈ।”

ਭਾਗਵਤ ਇਥੇ ਗੈਰ-ਲਾਭਕਾਰੀ ਸੰਗਠਨ ਵਿਕਾਸ ਭਾਰਤੀ ਵੱਲੋਂ ਕਰਵਾਈ ਪਿੰਡ ਪੱਧਰੀ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਸਨਾਤਨ ਸੰਸਕ੍ਰਿਤੀ ਅਤੇ ਧਰਮ ਰਾਜਮਹਿਲਾਂ ਤੋਂ ਨਹੀਂ, ਸਗੋਂ ਆਸ਼ਰਮਾਂ ਅਤੇ ਜੰਗਲਾਂ ਤੋਂ ਆਏ ਹਨ। ਉਨ੍ਹਾਂ ਕਿਹਾ, ‘‘ਜੰਗਲੀ ਖੇਤਰਾਂ ’ਚ, ਜਿੱਥੇ ਆਦਿਵਾਸੀ ਰਵਾਇਤੀ ਤੌਰ ’ਤੇ ਰਹਿੰਦੇ ਹਨ, ਉੱਥੋਂ ਦੇ ਲੋਕ ਸ਼ਾਂਤ ਅਤੇ ਸਰਲ ਸੁਭਾਅ ਦੇ ਹੁੰਦੇ ਹਨ ਅਤੇ ਅਜਿਹਾ ਵੱਡੇ ਸ਼ਹਿਰਾਂ ’ਚ ਨਹੀਂ ਮਿਲਦਾ। ਇਥੇ ਤਾਂ ਮੈਂ ਪਿੰਡ ਵਾਲਿਆਂ ’ਤੇ ਅੱਖ ਬੰਦ ਕਰ ਕੇ ਭਰੋਸਾ ਕਰ ਸਕਦਾ ਹਾਂ ਪਰ ਸ਼ਹਿਰਾਂ ’ਚ ਸਾਨੂੰ ਚੌਕਸ ਰਹਿਣਾ ਪੈਂਦਾ ਹੈ ਕਿ ਅਸੀਂ ਕਿਸ ਨਾਲ ਗੱਲ ਕਰ ਰਹੇ ਹਾਂ।”

ਭਾਗਵਤ ਨੇ ਕਿਹਾ ਕਿ ਉਹ ਦੇਸ਼ ਦੇ ਭਵਿੱਖ ਨੂੰ ਲੈ ਕੇ ਕਦੇ ਚਿੰਤਤ ਨਹੀਂ ਰਹੇ, ਕਿਉਂਕਿ ਕਈ ਲੋਕ ਇਸ ਦੀ ਬਿਹਤਰੀ ਲਈ ਸਮੂਹਿਕ ਤੌਰ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਦੇਸ਼ ਦੇ ਭਵਿੱਖ ਨੂੰ ਲੈ ਕੇ ਕੋਈ ਸ਼ੰਕਾ ਨਹੀਂ ਹੈ, ਚੰਗੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ, ਇਸ ਦੇ ਲਈ ਸਾਰੇ ਮਿਲ ਕੇ ਕੰਮ ਕਰ ਰਹੇ ਹਨ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ।”

ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਦਾ ਆਪਣਾ ਸੁਭਾਅ ਹੈ ਅਤੇ ਕਈ ਲੋਕ ਬਿਨਾਂ ਕਿਸੇ ਨਾਂ ਜਾਂ ਪ੍ਰਸਿੱਧੀ ਦੀ ਇਛਾ ਦੇ ਦੇਸ਼ ਭਲਾਈ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਸਾਡੇ ਇਥੇ ਪੂਜਾ ਦੇ ਵੱਖ-ਵੱਖ ਢੰਗ ਹਨ, ਕਿਉਂਕਿ ਸਾਡੇ ਇਥੇ 33 ਕਰੋੜ ਦੇਵੀ-ਦੇਵਤੇ ਹਨ ਅਤੇ 3800 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਇਥੋਂ ਤੱਕ ​​ਕਿ ਖਾਣ-ਪੀਣ ਦੀਆਂ ਆਦਤਾਂ ਵੀ ਵੱਖ-ਵੱਖ ਹਨ। ਵੰਨ-ਸੁਵੰਨਤਾ ਦੇ ਬਾਵਜੂਦ ਸਾਡਾ ਮਨ ਇਕ ਹੈ ਅਤੇ ਹੋਰ ਦੇਸ਼ਾਂ ’ਚ ਅਜਿਹਾ ਨਹੀਂ ਮਿਲ ਸਕਦਾ।”

ਉਨ੍ਹਾਂ ਕਿਹਾ ਕਿ ਅੱਜ-ਕੱਲ ਅਖੌਤੀ ਅਗਾਂਹਵਧੂ ਲੋਕ ਸਮਾਜ ਨੂੰ ਕੁਝ ਦੇਣ ’ਚ ਵਿਸ਼ਵਾਸ ਕਰਦੇ ਹਨ, ਜੋ ਕਿ ਭਾਰਤੀ ਸੱਭਿਆਚਾਰ ’ਚ ਪਹਿਲਾਂ ਤੋਂ ਹੀ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਅਜਿਹਾ ਕਿਤੇ ਵੀ ਸ਼ਾਸਤਰਾਂ ’ਚ ਨਹੀਂ ਲਿਖਿਆ ਹੈ ਪਰ ਪੀੜ੍ਹੀ ਦਰ ਪੀੜ੍ਹੀ ਇਹ ਸਾਡੇ ਸੁਭਾਅ ’ਚ ਹੈ।

ਸਾਡੇ ਕੱਪੜੇ ਤਾਂ ਬਦਲ ਸਕਦੇ ਹਨ ਪਰ ਸੁਭਾਅ ਨਹੀਂ

ਉਨ੍ਹਾਂ ਕਿਹਾ, ‘‘ਬਦਲਦੇ ਸਮੇਂ ਦੇ ਨਾਲ ਸਾਡੇ ਕੱਪੜੇ ਤਾਂ ਬਦਲ ਸਕਦੇ ਹਨ ਪਰ ਸਾਡਾ ਸੁਭਾਅ ਕਦੇ ਨਹੀਂ ਬਦਲੇਗਾ। ਬਦਲਦੇ ਸਮੇਂ ’ਚ ਆਪਣੇ ਕੰਮ ਅਤੇ ਸੇਵਾਵਾਂ ਨੂੰ ਜਾਰੀ ਰੱਖਣ ਲਈ ਸਾਨੂੰ ਨਵੇਂ ਤੌਰ-ਤਰੀਕੇ ਅਪਨਾਉਣੇ ਹੋਣਗੇ। ਜਿਹੜੇ ਲੋਕ ਆਪਣੇ ਸੁਭਾਅ ਨੂੰ ਕਾਇਮ ਰੱਖਦੇ ਹਨ, ਉਨ੍ਹਾਂ ਨੂੰ ਵਿਕਸਤ ਕਿਹਾ ਜਾਂਦਾ ਹੈ।”

ਭਾਗਵਤ ਨੇ ਕਿਹਾ ਕਿ ਸਾਰਿਆਂ ਨੂੰ ਸਮਾਜ ਦੀ ਭਲਾਈ ਲਈ ਅਥੱਕ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਦਿਵਾਸੀ ਪੱਛੜੇ ਹੋਏ ਹਨ ਅਤੇ ਉਨ੍ਹਾਂ ਲਈ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਕਾਫ਼ੀ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ।”


author

Rakesh

Content Editor

Related News