ਹਲਕਾਅ ਤੋਂ ਬਚਾਓ ਲਈ ਜ਼ਰੂਰੀ ਹਦਾਇਤਾਂ ਜਾਰੀ

Wednesday, Jul 02, 2025 - 10:45 AM (IST)

ਹਲਕਾਅ ਤੋਂ ਬਚਾਓ ਲਈ ਜ਼ਰੂਰੀ ਹਦਾਇਤਾਂ ਜਾਰੀ

ਨਥਾਣਾ (ਬੱਜੋਆਣੀਆਂ) : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ. ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਦੀ ਯੋਗ ਅਗਵਾਈ ਹੇਠ ਰੇਬੀਜ਼ ਸਬੰਧੀ ਜਾਗਰੂਕਤਾ ਸਰਗਰਮੀਆਂ ਜਾਰੀ ਹਨ। ਡਾ. ਨਵਦੀਪ ਕੌਰ ਸਰਾਂ ਨੇ ਹਲਕਾਅ ਤੋਂ ਬਚਣ ਦੇ ਸੁਰੱਖਿਆ ਉਪਾਅ ਅਤੇ ਜਰੂਰੀ ਹਦਾਇਤਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਰੇਬੀਜ਼ ਬੇਸ਼ੱਕ ਘਾਤਕ ਤੇ ਲਾ-ਇਲਾਜ ਬਿਮਾਰੀ ਹੈ ਪਰ ਇਸ ਤੋਂ ਬਚਾਓ ਸਬੰਧੀ ਮੁਕੰਮਲ ਜਾਣਕਾਰੀ ਰੱਖ ਕੇ ਇਸ ਤੋਂ ਪੂਰਨ ਬਚਾਅ ਹੋ ਸਕਦਾ ਹੈ। ਇਸ ਲਈ ਲੋਕਾਂ ਵਿਚ ਇਸ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਰੇਕ ਸਾਲ ਰੇਬੀਜ਼ ਨਾਲ ਕਰੀਬ 20 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਇਹ ਬਿਮਾਰੀ ਕੁੱਤਾ, ਖਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ। ਉਨ੍ਹਾਂ ਕਿਹਾ ਕਿ ਜਾਨਵਰਾਂ ਦੇ ਵੱਢੇ, ਚੱਟੇ, ਝਰੀਟਾਂ, ਜ਼ਖ਼ਮਾਂ ਨੂੰ ਨਜ਼ਰ-ਅੰਦਾਜ਼ ਨਾ ਕਰੋ, ਸਗੋਂ ਜਖ਼ਮ ਨੂੰ ਵਗਦੇ ਪਾਣੀ ਵਿਚ 15 ਮਿੰਟ ਤੱਕ ਸਾਬਣ ਅਤੇ ਪਾਣੀ ਨਾਲ ਤੁਰੰਤ ਧੋਵੋ, ਮੌਕੇ ’ਤੇ ਮੌਜੂਦ ਆਇਓਡੀਨ, ਅਲਕੋਹਲ ਜਾਂ ਸਪਿਰਿਟ ਜਾਂ ਘਰ ਵਿਚ ਉਪਲੱਬਧ ਐਂਟੀਸੈਪਟਿਕ ਲਗਾਓ। ਜਖ਼ਮ ’ਤੇ ਮਿਰਚ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ, ਸਗੋਂ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਨਾਲ ਸੰਪਰਕ ਕਰੋ ਅਤੇ ਤੁਰੰਤ ਬਾਅਦ ਸਮੇਂ ਸਿਰ ਆਪਣਾ ਰੇਬੀਜ਼ ਦਾ ਸੰਪੂਰਨ ਟੀਕਾਕਰਣ ਕਰਵਾਓ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ, ਸਮੁਦਾਇਕ ਸਿਹਤ ਕੇਂਦਰਾਂ ’ਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

ਆਮ ਤੌਰ ’ਤੇ ਜਾਨਵਰ ਆਪਣੇ ਬਚਾਅ ਵਿਚ ਅਤੇ ਉਤੇਜਿਤ ਹੋ ਕੇ ਹੀ ਵੱਢਦੇ ਹਨ। ਇਸ ਲਈ ਜਾਨਵਰਾਂ ਨੂੰ ਪਰੇਸ਼ਾਨ ਨਾ ਕਰੋ ਅਤੇ ਨਾ ਹੀ ਡਰਾਓ। ਕੁੱਤਿਆਂ ਨੂੰ ਖੇਡਦੇ ਸਮੇਂ, ਨੀਂਦ ਵੇਲੇ ਜਾਂ ਬਿਮਾਰੀ ਦੌਰਾਨ ਤੰਗ ਨਾ ਕਰੋ। ਜਦੋਂ ਜਾਨਵਰ ਗੁੱਸੇ ਵਿਚ ਹੋਵੇ ਤਾਂ ਉਸ ਤੋਂ ਦੂਰ ਰਹੋ। ਉਨ੍ਹਾਂ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਰਸਤੇ ਵਿਚ ਤੁਹਾਨੂੰ ਕੁੱਤਾ ਵੱਢ ਲੈਂਦਾ  ਹੈ ਤਾਂ ਆਪਣੇ ਅਧਿਆਪਕ ਜਾਂ ਮਾਤਾ-ਪਿਤਾ ਨੂੰ ਇਸ ਦੀ ਜਾਣਕਾਰੀ ਦਿਓ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਜਿਨ੍ਹਾਂ ਨੇ ਕੁੱਤੇ ਜਾਂ ਕੋਈ ਹੋਰ ਜਾਨਵਰ ਘਰ ਵਿਚ ਰੱਖੇ ਹਨ, ਉਨ੍ਹਾਂ ਦੇ ਹਰੇਕ ਸਾਲ ਟੀਕਾਕਰਣ ਕਰਵਾਇਆ ਜਾਵੇ ਤਾਂ ਜੋ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ।
 


author

Babita

Content Editor

Related News