RSS ਵੱਲੋਂ ਭਾਜਪਾ ਨੂੰ ਆਤਮ ਮੰਥਨ ਦੀ ਸਲਾਹ, ਕਿਹਾ-ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ ''ਚ ਪਾਸਾ ਪਲਟਿਆ
Tuesday, May 11, 2021 - 09:51 PM (IST)
ਨਵੀਂ ਦਿੱਲੀ : ਪੱਛਮੀ ਬੰਗਾਲ ਵਿਧਾਨ ਸਭਾ ਚੋਣ ’ਚ ਭਾਜਪਾ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਦੇ ਅੰਦਰ ਜਿੱਥੇ ਇਕ ਪਾਸੇ ਕੇਂਦਰੀ ਪੱਧਰ ’ਤੇ ਲੀਡਰਸ਼ਿਪ ਬਦਲਾਅ ਦੀ ਮੰਗ ਜ਼ੋਰ ਫੜ ਰਹੀ ਹੈ ਤਾਂ ਦੂਜੇ ਪਾਸੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁੱਖ ਪੱਤਰ ‘ਪਾਂਚਜਨਯ’ ’ਚ ਪ੍ਰਕਾਸ਼ਿਤ ਲੇਖ ’ਚ ਭਾਜਪਾ ਨੂੰ ਇਸ ਹਾਰ ਤੋਂ ਬਾਅਦ ਆਤਮ ਮੰਥਨ ਕਰਨ ਦੀ ਸਲਾਹ ਦਿੱਤੀ ਗਈ ਹੈ।
ਪਾਂਚਜਨਯ ’ਚ ਲਿਖਿਆ ਹੈ ਕਿ ਅਣਥੱਕ ਕੋਸ਼ਿਸ਼ ਤਾਂ ਨਹੀਂ ਪਰ ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ ’ਚ ਭਾਜਪਾ ਲਈ ਉਲਟ ਹਾਲਾਤ ਪੈਦਾ ਕਰ ਦਿੱਤੇ। 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ 121 ਵਿਧਾਨ ਸਭਾ ਸੀਟਾਂ ’ਚ ਵਾਧਾ ਮਿਲਿਆ ਸੀ ਪਰ ਇਸ ਵਾਰ ਪਾਰਟੀ ਸਿਰਫ਼ 77 ਸੀਟਾਂ ’ਤੇ ਸਿਮਟ ਕੇ ਰਹਿ ਗਈ। ਭਾਜਪਾ ਨੂੰ ਵਿਧਾਨ ਸਭਾ ਦੇ ਆਖ਼ਰੀ ਦੋ ਪੜਾਅ ਦੀ ਪੋਲਿੰਗ ’ਚ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।ਮੁੱਖ ਪੱਤਰ ਅਨੁਸਾਰ ਭਾਜਪਾ ਨੇ ਜਲਦਬਾਜੀ ’ਚ ਟੀ. ਐੱਮ. ਸੀ. ਦੇ ਉਨ੍ਹਾਂ ਨੇਤਾਵਾਂ ਨੂੰ ਪਾਰਟੀ ’ਚ ਸ਼ਾਮਲ ਕਰ ਦਿੱਤਾ ਜਿਨ੍ਹਾਂ ਦਾ ਅਕਸ ਕਾਫ਼ੀ ਖ਼ਰਾਬ ਹੋ ਚੁੱਕਾ ਸੀ। 2019 ਦੀਆਂ ਚੋਣਾਂ ਦੇ ਮੁਕਾਬਲੇ ਭਾਜਪਾ ਦੀਆਂ ਵੋਟਾਂ ’ਚ 2 ਫ਼ੀਸਦੀ ਦੀ ਕਮੀ ਆਈ ਅਤੇ ਕਾਂਗਰਸ-ਲੈਫਟ ਦੀਆਂ 5 ਫ਼ੀਸਦੀ ਵੋਟਾਂ ਟੀ. ਐੱਮ. ਸੀ. ’ਚ ਚਲੀਆਂ ਗਈਆਂ।
2019 ਦੀਆਂ ਚੋਣਾਂ ਦਾ ਜ਼ਿਕਰ ਕਰਦੇ ਹੋਏ ਪਾਂਚਜਨਯ ਨੇ ਲਿਖਿਆ ਕਿ ਜੇਕਰ ਕਾਂਗਰਸ ਅਤੇ ਲੈਫਟ ਆਪਣੇ 2019 ਦੇ ਸਮਰਥਨ ਨੂੰ ਕਾਇਮ ਰੱਖ ਲੈਂਦੀ ਤਾਂ ਭਾਜਪਾ ਘੱਟ ਤੋਂ ਘੱਟ 93 ਸੀਟਾਂ ’ਤੇ ਪਹੁੰਚ ਜਾਂਦੀ ਪਰ ਦੋਵਾਂ ਪਾਰਟੀਆਂ ਦਾ ਇਹ ਸਮਰਥਨ ਟੀ. ਐੱਮ. ਸੀ. ਵੱਲ ਚਲਾ ਗਿਆ ਜਿਸ ਕਾਰਨ ਭਾਜਪਾ ਨੂੰ ਵਾਧਾ ਹਾਸਲ ਕਰਨਾ ਔਖਾ ਹੋ ਗਿਆ।ਇਨ੍ਹਾਂ ਚੋਣਾਂ ’ਚ ਇਹ ਸਪੱਸ਼ਟ ਹੋ ਗਿਆ ਕਿ ਪੱਛਮੀ ਬੰਗਾਲ ’ਚ ਚਾਰ ਅਜਿਹੇ ਵੱਡੇ ਜ਼ਿਲ੍ਹੇ ਹਨ ਜਿੱਥੇ ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲੀ; ਜਿਨ੍ਹਾਂ ’ਚ ਝਾਰਗ੍ਰਾਮ, ਦੱਖਣ 24 ਪਰਗਨਾ, ਪੂਰਬੀ ਬਰਧਮਾਨ ਅਤੇ ਕੋਲਕਾਤਾ ਸ਼ਾਮਲ ਹਨ।
ਭਾਜਪਾ ਨੂੰ ਨਹੀਂ ਮਿਲਿਆ ਦਲਿਤਾਂ ਦਾ ਸਮਰਥਨ
ਪਾਂਚਜਨਯ ਅਨੁਸਾਰ ਦਲਿਤਾਂ ਦਾ ਸਮਰਥਨ ਵੀ ਭਾਜਪਾ ਨੂੰ ਵਿਧਾਨ ਸਭਾ ਚੋਣਾਂ ’ਚ ਨਹੀਂ ਮਿਲਿਆ। ਇਸੇ ਤਰ੍ਹਾਂ ਜਿਸ ਮਤੁਆ ਭਾਈਚਾਰੇ ਬਾਰੇ ਭਾਜਪਾ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਉਸ ਨੇ ਵੀ ਭਾਜਪਾ ਦੀ ਪੂਰੀ ਤਰ੍ਹਾਂ ਅਣਦੇਖੀ ਕਰ ਦਿੱਤੀ। ਸਿਰਫ਼ ਜਲਪਾਈਗੁੜੀ ਖੇਤਰ ਅਜਿਹਾ ਸੀ ਜਿੱਥੇ ਪਾਰਟੀ ਨੂੰ 27 ’ਚੋਂ 21 ਸੀਟਾਂ ’ਤੇ ਜਿੱਤ ਹਾਸਲ ਹੋਈ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
4 ਪ੍ਰਮੁੱਖ ਕਾਰਨਾਂ ਕਰਕੇ ਭਾਜਪਾ ਦਾ ਸੁਫ਼ਨਾ ਪੂਰਾ ਨਹੀਂ ਹੋਇਆ
ਮੁੱਖ ਪੱਤਰ ਦੇ ਲੇਖ ਅਨੁਸਾਰ ਪੱਛਮੀ ਬੰਗਾਲ ’ਚ 4 ਪ੍ਰਮੁੱਖ ਕਾਰਨਾਂ ਨਾਲ ਭਾਜਪਾ ਦਾ ਸੱਤਾ ’ਚ ਆਉਣ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਪਹਿਲਾ ਟੀ. ਐੱਮ. ਸੀ. ਵੱਲੋਂ ਵੱਖ-ਵੱਖ ਯੋਜਨਾਵਾਂ ਰਾਹੀਂ ਲੋਕਾਂ ਨੂੰ ਲਾਭਪਾਤਰੀ ਬਣਾ ਕੇ ਰੱਖਣਾ, ਦੂਜਾ ਆਖਰੀ ਦੋ ਪੜਾਵਾਂ ਦੀ ਪੋਲਿੰਗ ’ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਅਸਰ ਪੈਣਾ, ਤੀਜਾ ਖ਼ਰਾਬ ਅਕਸ ਵਾਲੇ ਟੀ. ਐੱਮ. ਸੀ. ਨੇਤਾਵਾਂ ਨੂੰ ਪਾਰਟੀ ’ਚ ਸ਼ਾਮਲ ਕਰਨਾ ਅਤੇ ਆਖਰੀ ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਦੀ ਕਮਜੋਰ ਰਣਨੀਤੀ ਅਤੇ ਲੈਫਟ ਅਤੇ ਕਾਂਗਰਸ ਦਾ ਵੋਟ ਬੈਂਕ ਟੀ. ਐੱਮ. ਸੀ. ਵੱਲ ਸ਼ਿਫਟ ਹੋਣਾ।
ਤ੍ਰਿਣਮੂਲ ਕਾਂਗਰਸ ਦੋ ਵਾਰ 200 ਤੋਂ ਪਾਰ ਪਹੁੰਚੀ
ਪੱਛਮੀ ਬੰਗਾਲ ’ਚ ਟੀ. ਐੱਮ. ਸੀ. ਲਗਾਤਾਰ ਤੀਜੀ ਵਾਰ ਸੱਤਾ ’ਚ ਪਹੁੰਚੀ ਹੈ ਜਿਸ ’ਚ ਦੋ ਵਾਰ ਉਸ ਨੇ 200 ਸੀਟਾਂ ਦੇ ਅੰਕੜੇ ਨੂੰ ਪਾਰ ਕੀਤਾ ਹੈ। ਇਸ ਨਾਲ ਟੀ. ਐੱਮ. ਸੀ. ਦੀ ਸ਼ਕਤੀ ਦਾ ਪਤਾ ਲੱਗਦਾ ਹੈ।
ਨੋਟ: ਆਰ. ਐੱਸ. ਐੱਸ. ਵੱਲੋਂ ਬੀਜੇਪੀ ਨੂੰ ਇਸ ਸਲਾਹ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ