ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ ’ਤੇ 8 ਸਾਲਾਂ ’ਚ ਖਰਚ ਕੀਤੇ 6399.6 ਕਰੋੜ: ਅਨੁਰਾਗ ਠਾਕੁਰ

Wednesday, Dec 14, 2022 - 05:51 PM (IST)

ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ ’ਤੇ 8 ਸਾਲਾਂ ’ਚ ਖਰਚ ਕੀਤੇ 6399.6 ਕਰੋੜ: ਅਨੁਰਾਗ ਠਾਕੁਰ

ਨਵੀਂ ਦਿੱਲੀ (ਭਾਸ਼ਾ)– ਸਰਕਾਰ ਵੱਲੋਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ ’ਤੇ ਪਿਛਲੇ 8 ਸਾਲਾਂ ’ਚ 6399.6 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵੱਲੋਂ ਮੰਗਲਵਾਰ ਨੂੰ ਲੋਕ ਸਭਾ ’ਚ ਐੱਮ. ਸੇਲਵਾਰਾਜ ਦੇ ਸਵਾਲ ਦੇ ਲਿਖਤੀ ਜਵਾਬ ’ਚ ਪੇਸ਼ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ।

ਮੈਂਬਰ ਨੇ ਪੁੱਛਿਆ ਸੀ ਕਿ ਸਾਲ 2014 ਤੋਂ ਹਰੇਕ ਮੰਤਰਾਲਾ ਵਲੋਂ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ ’ਤੇ ਖਰਚ ਕੀਤੇ ਗਏ ਖਰਚੇ ਦੇ ਸਾਲ-ਵਾਰ ਵੇਰਵੇ ਕੀ ਹਨ। ਮੰਤਰੀ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2014-15 ਤੋਂ 7 ਦਸੰਬਰ 2022 ਤੱਕ ਪ੍ਰਿੰਟ ਮੀਡੀਆ ’ਤੇ ਇਸ਼ਤਿਹਾਰਾਂ ’ਤੇ 3138.81 ਕਰੋੜ ਰੁਪਏ ਖਰਚ ਕੀਤੇ ਗਏ, ਜਦਕਿ ਇਸ ਮਿਆਦ ’ਚ ਇਲੈਕਟ੍ਰਾਨਿਕ ਮੀਡੀਆ ਰਾਹੀਂ ਇਸ਼ਤਿਹਾਰਾਂ ’ਤੇ 3260.79 ਕਰੋੜ ਰੁਪਏ ਖਰਚ ਹੋਏ।

ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਕੇਂਦਰੀ ਸੰਚਾਰ ਬਿਊਰੋ (ਸੀ. ਬੀ. ਸੀ.) ਰਾਹੀਂ ਸਾਲ 2014-15 ’ਚ ਪ੍ਰਿੰਟ ਮੀਡੀਆ ’ਚ ਇਸ਼ਤਿਹਾਰਾਂ ’ਤੇ 424.84 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ ’ਚ 473.67 ਕਰੋੜ ਰੁਪਏ, ਸਾਲ 2015-16 ’ਚ ਪ੍ਰਿੰਟ ਮੀਡੀਆ ’ਤੇ 508.22 ਕਰੋੜ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ 531.60 ਕਰੋੜ ਖਰਚ ਕੀਤੇ ਗਏ।

ਇਸੇ ਤਰ੍ਹਾਂ ਸਾਲ 2016-17 ’ਚ ਪ੍ਰਿੰਟ ਮੀਡੀਆ ’ਤੇ 468.53 ਕਰੋੜ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ 609.60 ਕਰੋੜ, ਸਾਲ 2017-18 ’ਚ ਪ੍ਰਿੰਟ ਮੀਡੀਆ ’ਤੇ 636.09 ਕਰੋੜ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ 514.28 ਕਰੋੜ ਰੁਪਏ ਖਰਚ ਹੋਏ ਸਨ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2018-19 ਵਿਚ ਪ੍ਰਿੰਟ ਮੀਡੀਆ ’ਤੇ 429.55 ਕਰੋੜ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ 514.28 ਕਰੋੜ, ਸਾਲ 2019-20 ’ਚ ਪ੍ਰਿੰਟ ਮੀਡੀਆ ’ਤੇ 295.05 ਕਰੋੜ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ 317.11 ਕਰੋੜ, ਸਾਲ 2020-21 ’ਚ ਪ੍ਰਿੰਟ ਮੀਡੀਆ ’ਤੇ 197.49 ਕਰੋੜ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ 167.98 ਕਰੋੜ ਰੁਪਏ ਅਤੇ ਸਾਲ 2021-22 ’ਚ ਪ੍ਰਿੰਟ ਮੀਡੀਆ ’ਤੇ 179.04 ਕਰੋੜ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ 101.24 ਕਰੋੜ ਰੁਪਏ ਖਰਚ ਹੋਏ।

ਇਸ ’ਚ ਦੱਸਿਆ ਗਿਆ ਹੈ ਕਿ ਸਾਲ 2022-23 ’ਚ 7 ​​ਦਸੰਬਰ 2022 ਤੱਕ ਪ੍ਰਿੰਟ ਮੀਡੀਆ ’ਚ ਇਸ਼ਤਿਹਾਰਾਂ ’ਤੇ 91.96 ਕਰੋੜ ਰੁਪਏ ਅਤੇ ਇਲੈਕਟ੍ਰਾਨਿਕ ਮੀਡੀਆ ’ਚ ਇਸ਼ਤਿਹਾਰਾਂ ’ਤੇ 76.84 ਕਰੋੜ ਰੁਪਏ ਖਰਚ ਕੀਤੇ ਹੋਏ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਮਾਧਿਅਮ ਰਾਹੀਂ ਵਿਦੇਸ਼ੀ ਮੀਡੀਆ ’ਚ ਇਸ਼ਤਿਹਾਰਾਂ ’ਤੇ ਕੋਈ ਖਰਚ ਨਹੀਂ ਕੀਤਾ ਗਿਆ ਹੈ।


author

Rakesh

Content Editor

Related News