ਜ਼ਮੀਨ ਦੇ ਬਦਲੇ ਨੌਕਰੀ ਮਾਮਲਾ: ਅਦਾਲਤ ਨੇ ਲਾਲੂ, ਰਾਬੜੀ ਦੇਵੀ ਤੇ ਧੀ ਮੀਸਾ ਨੂੰ ਦਿੱਤੀ ਜ਼ਮਾਨਤ
Wednesday, Mar 15, 2023 - 01:18 PM (IST)
ਨਵੀਂ ਦਿੱਲੀ- ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਜ਼ਮੀਨ ਦੇ ਬਦਲੇ ਨੌਕਰੀ ਦੇ ਘਪਲੇ ਨਾਲ ਜੁੜੇ ਇਕ ਮਾਮਲੇ ਵਿਚ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਸੀ. ਐੱਮ. ਰਾਬੜੀ ਦੇਵੀ ਅਤੇ ਉਨ੍ਹਾਂ ਦੀ ਧੀ ਮੀਸਾ ਭਾਰਤੀ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਮਾਮਲੇ ਨੂੰ ਅੱਗੇ ਦੀ ਸੁਣਵਾਈ ਲਈ 29 ਮਾਰਚ ਲਈ ਸੂਚੀਬੱਧ ਕੀਤਾ। ਸੀ. ਬੀ. ਆਈ. ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਨਹੀਂ ਕੀਤਾ।
ਇਹ ਵੀ ਪੜ੍ਹੋ- ਲਾਲੂ ਪ੍ਰਸਾਦ ਦੇ ਪਰਿਵਾਰ 'ਤੇ ED ਦਾ ਸ਼ਿਕੰਜਾ, ਜ਼ਬਤ ਕੀਤੇ 53 ਲੱਖ ਰੁਪਏ
50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਮਿਲੀ ਜ਼ਮਾਨਤ
ਲਾਲੂ ਯਾਦਵ ਦਾ ਹਾਲ ਹੀ ਵਿਚ ਗੁਰਦੇ ਦਾ ਟਰਾਂਸਪਲਾਂਟ ਹੋਇਆ ਹੈ। ਉਹ ਅਦਾਲਤ ਕੰਪਲੈਕਸ ਵਿਚ ਵ੍ਹੀਲ ਚੇਅਰ 'ਤੇ ਨਜ਼ਰ ਆਏ। ਲਾਲੂ ਸਵੇਰੇ 10 ਵਜੇ ਰਾਊਜ਼ ਐਵੇਨਿਊ ਅਦਾਲਤ ਪਹੁੰਚੇ। ਹਾਲਾਂਕਿ ਮਾਮਲੇ ਦੀ ਸੁਣਵਾਈ ਦੇਰ ਨਾਲ ਸ਼ੁਰੂ ਹੋਈ। ਪਰਿਵਾਰ ਦੇ ਤਿੰਨੋਂ ਮੈਂਬਰ ਕਰੀਬ 11 ਵਜੇ ਜਸਟਿਸ ਗੀਤਾਂਜਲੀ ਗੋਇਲ ਦੇ ਸਾਹਮਣੇ ਪੇਸ਼ ਹੋਏ। ਅਦਾਲਤ ਨੇ 50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਜ਼ਮਾਨਤ ਰਾਸ਼ੀ 'ਤੇ ਲਾਲੂ ਪ੍ਰਸਾਦ, ਰਾਬੜੀ ਦੇਵੀ ਅਤੇ ਉਨ੍ਹਾਂ ਦੀ ਧੀ ਮੀਸਾ ਨੂੰ ਜ਼ਮਾਨਤ ਦਿੱਤੀ।
ਇਹ ਵੀ ਪੜ੍ਹੋ- ਨੌਕਰੀ ਦੇ ਬਦਲੇ ਜ਼ਮੀਨ ਘੁਟਾਲਾ: ਲਾਲੂ ਪ੍ਰਸਾਦ ਤੋਂ CBI ਦੀ ਪੁੱਛ-ਗਿੱਛ, ਧੀ ਮੀਸਾ ਦੇ ਘਰ ਪੁੱਜੀ ਟੀਮ
ਕੀ ਸੀ ਅਦਾਲਤ ਦਾ ਤਰਕ?
ਅਦਾਲਤ ਨੇ ਕਿਹਾ ਕਿ ਸੀ. ਬੀ. ਆਈ. ਨੇ ਮਾਮਲੇ ਵਿਚ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਬਿਨਾਂ ਦੋਸ਼ ਪੱਤਰ ਦਾਇਰ ਕੀਤਾ। ਇਹ ਮਾਮਲਾ ਲਾਲੂ ਦੇ 2004 ਤੋਂ 2009 ਦਰਮਿਆਨ ਰੇਲ ਮੰਤਰੀ ਰਹਿਣ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਤੋਹਫ਼ੇ 'ਚ ਦਿੱਤੀ ਗਈ ਜਾਂ ਵੇਚੀ ਗਈ ਜ਼ਮੀਨ ਦੇ ਬਦਲੇ ਰੇਲਵੇ 'ਚ ਕੀਤੀਆਂ ਗਈਆਂ ਨਿਯੁਕਤੀਆਂ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ- ਉਡੀਕ ਖ਼ਤਮ, ਦਿੱਲੀ ਦੇ ਵਿਧਾਇਕਾਂ ਨੂੰ ਹੁਣ ਹਰ ਮਹੀਨੇ ਮਿਲੇਗੀ 90,000 ਰੁਪਏ ਤਨਖ਼ਾਹ
ਦੋਸ਼ ਪੱਤਰ 'ਚ ਸੀ. ਬੀ. ਆਈ. ਨੇ ਕੀ ਕਿਹਾ?
ਸੀ. ਬੀ. ਆਈ. ਨੇ ਆਪਣੇ ਦੋਸ਼ ਪੱਤਰ 'ਚ ਕਿਹਾ ਕਿ ਭਾਰਤੀ ਰੇਲਵੇ ਦੇ ਤੈਅ ਮਾਪਦੰਡਾਂ ਅਤੇ ਪ੍ਰਕਿਰਿਆਵਾਂ ਦਾ ਉਲੰਘਣ ਕਰਦਿਆਂ ਰੇਲਵੇ 'ਚ ਨਿਯੁਕਤੀਆਂ ਕੀਤੀਆਂ ਗਈਆਂ। ਵਿਸ਼ੇਸ਼ ਜੱਜ ਗੀਤਾਂਜਲੀ ਨੇ 27 ਫਰਵਰੀ ਨੂੰ ਲਾਲੂ ਦੀ ਧੀ ਮੀਸਾ ਸਮੇਤ ਸਾਰੇ ਦੋਸ਼ੀਆਂ ਨੂੰ ਸੰਮਨ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 15 ਮਾਰਚ ਨੂੰ ਅਦਾਲਤ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।