ਰਾਬਰਟ ਵਾਡਰਾ ਨੋਇਡਾ ਦੇ ਮੈਟਰੋ ਹਸਪਤਾਲ ''ਚ ਦਾਖਲ, ਦੇਰ ਰਾਤ ਪ੍ਰਿਯੰਕਾ ਵੀ ਪੁੱਜੀ

10/22/2019 10:07:34 AM

ਨੋਇਡਾ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਇਲਾਜ ਲਈ ਨੋਇਡਾ ਦੇ ਮੈਟਰੋ ਹਸਪਤਾਲ 'ਚ ਦਾਖਲ ਹਨ। ਉਹ ਪਿੱਠ ਅਤੇ ਪੈਰ 'ਚ ਦਰਦ ਤੋਂ ਬਾਅਦ ਸੋਮਵਾਰ ਨੂੰ ਨੋਇਡਾ ਦੇ ਸੈਕਟਰ-11 ਸਥਿਤ ਮੈਟਰੋ ਹਸਪਤਾਲ ਪਹੁੰਚੇ, ਇਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰਾਂ ਦੀ ਸਲਾਹ ਤੋਂ ਬਾਅਦ ਹਸਪਤਾਲ 'ਚ ਭਰਤੀ ਕਰ ਲਿਆ ਗਿਆ। ਰਾਬਰਟ ਦੇ ਹਸਪਤਾਲ 'ਚ ਭਰਤੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੋਮਵਾਰ ਸ਼ਾਮ ਕਰੀਬ 7.30 ਵਜੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਹਸਪਤਾਲ ਪਹੁੰਚ ਗਈ। ਪ੍ਰਿਯੰਕਾ ਗਾਂਧੀ ਹਸਪਤਾਲ 'ਚ ਥੋੜ੍ਹੀ ਦੇਰ ਰੁਕਣ ਤੋਂ ਬਾਅਦ ਉੱਥੋਂ ਨਿਕਲ ਗਈ ਪਰ ਰਾਤ 10.30 ਵਜੇ ਫਿਰ ਤੋਂ ਉਹ ਵਾਪਸ ਹਸਪਤਾਲ ਪਹੁੰਚ ਗਈ।

ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਆਪਣੇ ਪਤੀ ਰਾਬਰਟ ਵਾਡਰਾ ਨਾਲ ਪੂਰੀ ਰਾਤ ਕਰੀਬ 9 ਘੰਟੇ ਤੱਕ ਹਸਪਤਾਲ 'ਚ ਮੌਜੂਦ ਰਹੀ। ਫਿਲਹਾਲ ਮੈਟਰੋ ਹਸਪਤਾਲ 'ਚ ਰਾਬਰਟ ਦੇ ਪਿੱਠ ਦਰਦ ਅਤੇ ਪੈਰ ਦਰਦ ਦਾ ਇਲਾਜ ਕੀਤਾ ਜਾ ਰਿਹਾ ਹੈ। ਮੈਟਰੋ ਹਸਪਤਾਲ ਦੇ ਸੀਨੀਅਰ ਆਰਥੋਪੇਡਿਕ ਸਰਜਨ, ਰਾਬਰਟ ਵਾਡਰਾ ਦਾ ਇਲਾਜ ਕਰ ਰਹੇ ਹਨ। ਪੂਰੇ ਹਸਪਤਾਲ ਨੂੰ ਐੱਸ.ਪੀ.ਜੀ. (ਸਪੈਸ਼ਲ ਪ੍ਰੋਟੈਕਸ਼ਨ ਗਰੁੱਪ) ਦੀ ਟੀਮ ਨੇ ਆਪਣੇ ਘੇਰੇ 'ਚ ਲਿਆ ਹੋਇਆ ਹੈ।

ਰਾਬਰਟ ਵਾਡਰਾ ਉਸ ਦਿਨ ਹਸਪਤਾਲ 'ਚ ਦਾਖਲ ਹੋਏ ਹਨ, ਜਦੋਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਈ ਹੈ। ਸੋਮਵਾਰ ਦੀ ਵੋਟਿੰਗ ਤੋਂ ਬਾਅਦ ਜਾਰੀ ਐਗਜਿਟ ਪੋਲ 'ਚ ਦੋਹਾਂ ਹੀ ਰਾਜਾਂ 'ਚ ਭਾਜਪਾ ਦੀ ਫਿਰ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਕਾਂਗਰਸ ਲਈ ਇਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਜਿੱਤ ਅਤੇ ਹਾਰ ਦਾ ਅੰਤਿਮ ਫੈਸਲਾ 23 ਅਕਤੂਬਰ ਦੀ ਵੋਟਿੰਗ ਤੋਂ ਬਾਅਦ ਹੀ ਹੋ ਸਕੇਗਾ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਮਨੀ ਲਾਂਡਰਿੰਗ ਅਤੇ ਜ਼ਮੀਨ ਘਪਲਾ ਮਾਮਲਿਆਂ 'ਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਮਾਮਲਿਆਂ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਈ ਵਾਰ ਰਾਬਰਟ ਵਾਡਰਾ ਤੋਂ ਪੁੱਛ-ਗਿੱਛ ਵੀ ਕਰ ਚੁਕੀ ਹੈ।


DIsha

Content Editor

Related News