ਝਾਰਖੰਡ: ਬੱਸ ''ਚ ਬੰਦੂਕ ਦੇ ਬਲ ''ਤੇ ਤਿੰਨ ਵਪਾਰੀਆਂ ਕੋਲੋਂ 18 ਲੱਖ ਰੁਪਏ ਦੀ ਲੁੱਟ
Tuesday, Jan 16, 2024 - 04:51 PM (IST)
ਰਾਂਚੀ - ਝਾਰਖੰਡ ਦੀ ਰਾਜਧਾਨੀ ਰਾਂਚੀ ਨੂੰ ਆ ਰਹੀ ਲੰਬੀ ਦੂਰੀ ਦੀ ਬੱਸ 'ਚ ਸਵਾਰ ਤਿੰਨ ਵਪਾਰੀਆਂ ਕੋਲੋਂ ਮੰਗਲਵਾਰ ਦੀ ਸਵੇਰ ਬੰਦੂਕ ਦੇ ਬਲ 'ਤੇ ਕਥਿਤ ਤੌਰ 'ਤੇ 18 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਵਾਰਦਾਤ ਦਸ਼ਮ ਪੁਲਸ ਥਾਣਾ ਖੇਤਰ 'ਚ ਕੌਮੀ ਮਾਰਗ ਨੰ 33 'ਤੇ ਕੋਲਕਾਤਾ ਤੋਂ ਰਾਂਚੀ ਆ ਰਹੀ ਬੱਸ 'ਚ ਹੋਈ। ਦਸ਼ਮ ਪੁਲਸ ਥਾਣੇ ਦੇ ਇੰਚਾਰਜ ਪ੍ਰੇਮ ਪ੍ਰਤਾਪ ਨੇ ਦੱਸਿਆ ਕਿ, 'ਤਿੰਨ ਵਪਾਰੀ ਕੋਲਕਾਤਾ 'ਚ ਆਪਣੇ ਗਾਹਕਾਂ ਤੋਂ ਪੈਸਾ ਇਕੱਠਾ ਕਰ ਸੋਮਵਾਰ ਦੀ ਰਾਤ ਬੱਸ 'ਚ ਸਵਾਰ ਹੋਏ ਸਨ। ਚਾਰੇ ਅਪਰਾਧੀ ਵੀ ਉਸੇ ਬੱਸ 'ਚ ਯਾਤਰੀ ਬਣ ਸਵਾਰ ਹੋਏ ਸਨ।'
ਉਨ੍ਹਾਂ ਦੱਸਿਆ ਕਿ, 'ਬੱਸ ਜਿਵੇਂ ਹੀ ਸਵੇਰੇ ਕਰੀਬ ਸਾਢੇ ਪੰਜ ਵਜੇ ਬੁੰਦੁ ਪਹੁੰਚੀ ਤਾਂ ਚਾਰਾਂ ਅਪਰਾਧੀਆਂ ਨੇ ਵਪਾਰੀਆਂ ਨੂੰ ਬੰਦੂਕ ਦੇ ਬਲ 'ਤੇ ਲੁੱਟ ਲਿਆ ਅਤੇ ਇਸ ਤੋਂ ਬਾਅਦ ਨਵਾਡੀਹ 'ਚ ਬੱਸ ਤੋਂ ਉਤਰ ਗਏ।' ਪ੍ਰਤਾਪ ਨੇ ਦੱਸਿਆ ਕਿ ਵਪਾਰੀਆਂ ਨੇ ਦਾਅਵਾ ਕੀਤਾ ਕਿ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਕਰੀਬ 18 ਲੱਖ ਦੀ ਨਕਦੀ ਲੁੱਟੀ ਹੈ। ਉਨ੍ਹਾਂ ਦੱਸਿਆ, 'ਦੋਸ਼ੀਆਂ ਨੂੰ ਫੜਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।'