ਪੰਜਾਬ ''ਚ ਇਸ ਵਾਰ ਬਾਸਮਤੀ ਦੀ ਬੰਪਰ ਫ਼ਸਲ ਦੀ ਉਮੀਦ, ਪੈਦਾਵਾਰ 30 ਲੱਖ ਟਨ ਤੱਕ ਪਹੁੰਚਣ ਦੀ ਸੰਭਾਵਨਾ

Saturday, Sep 05, 2026 - 04:21 PM (IST)

ਪੰਜਾਬ ''ਚ ਇਸ ਵਾਰ ਬਾਸਮਤੀ ਦੀ ਬੰਪਰ ਫ਼ਸਲ ਦੀ ਉਮੀਦ, ਪੈਦਾਵਾਰ 30 ਲੱਖ ਟਨ ਤੱਕ ਪਹੁੰਚਣ ਦੀ ਸੰਭਾਵਨਾ

ਚੰਡੀਗੜ੍ਹ : ਪੰਜਾਬ 'ਚ ਇਸ ਵਾਰ ਸਾਉਣੀ (ਖ਼ਰੀਫ਼) ਦੇ ਸੀਜ਼ਨ ਦੌਰਾਨ ਬਾਸਮਤੀ ਦੀ ਬੰਪਰ ਫ਼ਸਲ ਹੋਣ ਦੀ ਪੂਰੀ ਉਮੀਦ ਹੈ। ਖੇਤੀਬਾੜੀ ਮਾਹਰਾਂ ਦੇ ਅਨੁਮਾਨਾਂ ਅਨੁਸਾਰ ਇਸ ਸਾਲ ਬਾਸਮਤੀ ਦੀ ਕੁੱਲ ਪੈਦਾਵਾਰ ਲਗਭਗ 30 ਲੱਖ ਟਨ ਤੱਕ ਜਾ ਸਕਦੀ ਹੈ, ਜੋ ਕਿ ਪਿਛਲੇ ਸਾਲ ਦੀ 20 ਲੱਖ ਟਨ ਪੈਦਾਵਾਰ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਇਸ ਵੱਡੇ ਵਾਧੇ ਦਾ ਮੁੱਖ ਕਾਰਨ ਬਾਸਮਤੀ ਹੇਠਲੇ ਰਕਬੇ 'ਚ ਹੋਇਆ ਵਾਧਾ ਹੈ, ਜੋ ਕਿ ਘੱਟੋ-ਘੱਟ 50,000 ਹੈਕਟੇਅਰ ਵੱਧ ਕੇ ਹੁਣ 6.76 ਲੱਖ ਹੈਕਟੇਅਰ (ਲਗਭਗ 16.5 ਲੱਖ ਏਕੜ) ਹੋ ਗਿਆ ਹੈ। ਪਿਛਲੇ ਸਾਲ ਹੜ੍ਹਾਂ ਕਾਰਨ ਫ਼ਸਲ ਦੇ ਹੋਏ ਨੁਕਸਾਨ ਤੋਂ ਬਾਅਦ ਇਸ ਵਾਰ ਬਿਹਤਰ ਫ਼ਸਲ ਦੀ ਉਮੀਦ ਨੇ ਕਿਸਾਨਾਂ, ਮਿੱਲਰਾਂ ਅਤੇ ਵਪਾਰੀਆਂ 'ਚ ਚੰਗੇ ਮੁਨਾਫ਼ੇ ਦੀ ਆਸ ਜਗਾਈ ਹੈ। ਖ਼ਾਸ ਕਰਕੇ ਬਰਾਮਦਕਾਰਾਂ ਵੱਲੋਂ ਇਸ ਵਾਰ ਸੂਬੇ ਵਿੱਚੋਂ ਵੱਡੀ ਪੱਧਰ 'ਤੇ ਖ਼ਰੀਦ ਕੀਤੇ ਜਾਣ ਦੀ ਉਮੀਦ ਹੈ।

ਮੰਡੀਆਂ 'ਚ ਜਲਦੀ ਪੱਕਣ ਵਾਲੀ '1509' ਬਾਸਮਤੀ ਕਿਸਮ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨੂੰ 3,800 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਚੰਗਾ ਭਾਅ ਮਿਲ ਰਿਹਾ ਹੈ, ਜਿਸ ਨਾਲ ਸੀਜ਼ਨ ਦੀ ਸ਼ੁਰੂਆਤ ਕਾਫ਼ੀ ਮਜ਼ਬੂਤ ਹੋਈ ਹੈ। ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਜਿਵੇਂ ਹੀ ਦੂਜੀਆਂ ਪ੍ਰੀਮੀਅਮ ਕਿਸਮਾਂ (ਜਿਵੇਂ ਕਿ 1121, 1718, ਪੰਜਾਬ 7 ਅਤੇ ਪੰਜਾਬ 4) ਮੰਡੀਆਂ 'ਚ ਪਹੁੰਚਣਗੀਆਂ, ਭਾਅ ਹੋਰ ਮਜ਼ਬੂਤ ਹੋ ਕੇ 5,000 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਜਾ ਸਕਦੇ ਹਨ। ਦੇਸ਼ ਭਰ 'ਚ ਬਾਸਮਤੀ ਹੇਠਲੇ ਕੁੱਲ ਰਕਬੇ ਦਾ ਲਗਭਗ 20 ਫ਼ੀਸਦੀ ਹਿੱਸਾ ਪੰਜਾਬ 'ਚ ਹੈ ਅਤੇ ਸੂਬੇ ਵੱਲੋਂ ਕੁੱਲ ਰਾਸ਼ਟਰੀ ਪੈਦਾਵਾਰ ਵਿੱਚ ਲਗਭਗ 40 ਫ਼ੀਸਦੀ ਯੋਗਦਾਨ ਪਾਉਣ ਦੀ ਉਮੀਦ ਹੈ, ਜਿਸਦੀ ਕੁੱਲ ਕੀਮਤ ਲਗਭਗ 50,000 ਕਰੋੜ ਬਣਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਡਾਇਰੈਕਟਰ (ਐਕਸਟੈਂਸ਼ਨ) ਡਾ. ਮੱਖਣ ਸਿੰਘ ਭੁੱਲਰ ਅਨੁਸਾਰ, ਬਾਸਮਤੀ ਦੇ ਰਕਬੇ ਵਿੱਚ ਵਾਧਾ ਪੰਜਾਬ ਦੇ ਕਿਸਾਨਾਂ ਲਈ ਬਹੁਤ ਫ਼ਾਇਦੇਮੰਦ ਸੌਦਾ ਹੈ। ਬਾਸਮਤੀ ਦੀ ਫ਼ਸਲ ਆਮ ਝੋਨੇ ਦੇ ਮੁਕਾਬਲੇ ਘੱਟੋ-ਘੱਟ 30 ਫ਼ੀਸਦੀ ਘੱਟ ਪਾਣੀ ਖ਼ਪਤ ਕਰਦੀ ਹੈ, ਜਲਦੀ ਪੱਕਦੀ ਹੈ ਅਤੇ ਇਸ ਨੂੰ ਜੁਲਾਈ ਦੇ ਅਖ਼ੀਰ ਵਿੱਚ ਮਾਨਸੂਨ ਦੇ ਸ਼ੁਰੂ ਹੋਣ 'ਤੇ ਵੀ ਬੀਜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਲੋੜ ਵੀ ਘੱਟ ਹੁੰਦੀ ਹੈ, ਜੋ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਲਿਆਉਣ ਵਿੱਚ ਸਹਾਈ ਹੋ ਸਕਦੀ ਹੈ।


author

Babita

Content Editor

Related News