ਲੁਟੇਰਿਆਂ ਨੇ ਫ਼ਿਲਮੀ ਸਟਾਈਲ ’ਚ ਰੋਕੀ ਅਜਮੇਰ-ਅ੍ਰੰਮਿਤਸਰ ਐਕਸਪ੍ਰੈੱਸ, 8 ਮਿੰਟ ਲੁੱਟ-ਖੋਹ ਕਰਨ ਮਗਰੋਂ ਹੋਏ ਫ਼ਰਾਰ

04/03/2021 1:18:35 PM

ਨੈਸ਼ਨਲ ਡੈਸਕ : ਹਿਸਾਰ ਦੇ ਬਰਵਾਲਾ ’ਚ ਲੁਟੇਰਿਆਂ ਨੇ ਫਿਲਮੀ ਸਟਾਈਲ ’ਚ ਚੱਲਦੀ ਟਰੇਨ ਰੋਕ ਕੇ ਲੁੱਟ-ਖੋਹ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ 09613 ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ ਦਾ ਸਿਗਨਲ ਫੇਲ ਕਰ ਕੇ 8 ਮਿੰਟ ਤਕ ਲੁੱਟ-ਖੋਹ ਨੂੰ ਅੰਜਾਮ ਦਿੱਤਾ। ਉਨ੍ਹਾਂ ਹਥਿਆਰਾਂ ਦੀ ਨੋਕ ’ਤੇ ਔਰਤਾਂ ਸਮੇਤ ਹੋਰ ਯਾਤਰੀਆਂ ਤੋਂ ਸੋਨੇ ਦੇ ਗਹਿਣੇ, ਨਕਦੀ ਅਤੇ ਮੋਬਾਈਲ ਲੁੱਟ ਲਏ। ਉਨ੍ਹਾਂ ਕਈ ਔਰਤਾਂ ਨੂੰ ਜ਼ਖਮੀ ਵੀ ਕੀਤਾ ਪਰ ਜੀ. ਆਰ. ਪੀ. ਵਾਰਦਾਤ ਨੂੰ ਦਬਾਉਣ ’ਚ ਲੱਗੀ ਹੋਈ ਹੈ।ਵੀਰਵਾਰ ਸਵੇਰੇ ਤਕਰੀਬਨ ਸਵਾ ਤਿੰਨ ਵਜੇ ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ ਹਿਸਾਰ ਸਟੇਸ਼ਨ ਤੋਂ ਰਵਾਨਾ ਹੋਈ ਤੇ ਜਦੋਂ ਬਰਵਾਲਾ ਸਟੇਸ਼ਨ ਪਹੁੰਚਣ ਹੀ ਵਾਲੀ ਸੀ ਤਾਂ ਤੜਕੇ ਤਕਰੀਬਨ 3.52 ’ਤੇ ਲੁਟੇਰਿਆਂ ਨੇ ਸਿਗਨਲ ਫੇਲ ਕਰ ਕੇ ਟਰੇਨ ਨੂੰ ਰੋਕ ਲਿਆ। ਟਰੇਨ ਦੇ ਰੁਕਦਿਆਂ ਹੀ ਲੁਟੇਰਿਆਂ ਨੇ ਲੁੱਟ-ਖੋਹ ਸ਼ੁਰੂ ਕਰ ਦਿੱਤੀ। ਟਰੇਨ ’ਚ ਫੌਜ ਦੇ ਇਕ ਜਵਾਨ ਦੀ ਪਤਨੀ ਤੋਂ 7 ਹਜ਼ਾਰ ਦੀ ਨਕਦੀ ਤੇ ਗਹਿਣੇ ਲੁੱਟ ਲਏ। ਲੁੱਟ ਤੋਂ ਬਾਅਦ ਲੁਟੇਰੇ ਵਾਰਦਾਤ ਵਾਲੀ ਥਾਂ ’ਤੇ 2 ਮੋਬਾਈਲ ਅਤੇ 7 ਪਰਸ ਸਮੇਤ ਹੋਰ ਸਾਮਾਨ ਛੱਡ ਕੇ ਫਰਾਰ ਹੋ ਗਏ।

ਸਿਗਨਲ ਫੇਲ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਸਟੇਸ਼ਨ ਮਾਸਟਰ ਨੇ ਸਿਗਨਲ ਸੁਪਰਵਾਈਜ਼ਰ ਅਮਿਤ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਹ ਵਾਰਦਾਤ ਵਾਲੀ ਥਾਂ ’ਤੇ ਚਲਾ ਗਿਆ ਪਰ ਉਦੋਂ ਤਕ ਟਰੇਨ ਜਾ ਚੁੱਕੀ ਸੀ। ਅਮਿਤ ਨੇ ਮੌਕਾ ਦੇਖਿਆ ਤਾਂ ਉਥੇ ਮੋਬਾਈਲ ਅਤੇ ਹੋਰ ਸਾਮਾਨ ਖਿੱਲਰਿਆ ਹੋਇਆ ਸੀ। ਰੇਲਵੇ ਪੁਲਸ ਨੇ ਬਰਵਾਲਾ ਰੇਲਵੇ ਸਟੇਸ਼ਨ ’ਤੇ ਤਾਇਨਾਤ ਸਿਗਨਲ ਸੁਪਰਵਾਈਜ਼ਰ ਅਮਿਤ ਕੁਮਾਰ ਦੀ ਸ਼ਿਕਾਇਤ ’ਤੇ ਸਿਗਨਲ ਫੇਲ ਕਰਨ ਦਾ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਟਰੈਕ ਦੀਆਂ ਦੋਵਾਂ ਲਾਈਨਾਂ ਵਿਚਕਾਰ ਲੋਹੇ ਦੀ ਧਾਤੂ ਲਾ ਕੇ ਸਿਗਨਲ ਫੇਲ ਕਰ ਦਿੱਤਾ ਸੀ।

ਯਾਤਰੀਆਂ ਨੂੰ ਸੁੰਘਾਇਆ ਨਸ਼ੇ ਵਾਲਾ ਪਦਾਰਥ
ਸੂਤਰਾਂ ਅਨੁਸਾਰ ਪੀੜਤ ਔਰਤਾਂ ਨੇ ਬਰਾਮਦ ਮੋਬਾਈਲ ’ਤੇ ਕਾਲ ਕਰ ਕੇ ਦੱਸਿਆ ਕਿ ਜਦੋਂ ਉਹ ਟਰੇਨ ’ਚ ਬੈਠੀਆਂ ਸਨ ਤਾਂ ਅਚਾਨਕ ਉਨ੍ਹਾਂ ਨੂੰ ਲੱਗਾ ਕਿ ਕਿਸੇ ਨੇ ਉਨ੍ਹਾਂ ਨੂੰ ਕੁਝ ਸੁੰਘਾ ਦਿੱਤਾ ਹੈ। ਉਸ ਨੇ ਦੋ ਮੁੰਡਿਆਂ ਨੂੰ ਸੌਣ ਤੋਂ ਪਹਿਲਾਂ ਸੀਟ ਦੇ ਨੇੜੇ ਦੇਖਿਆ ਸੀ। ਬਾਅਦ ’ਚ ਹੋਸ਼ ਆਈ ਤਾਂ ਦੇਖਿਆ ਕਿ ਉਨ੍ਹਾਂ ਦੇ ਮੋਬਾਈਲ ਤੇ ਪਰਸ ਗਾਇਬ ਸਨ।
ਹਾਲਾਂਕਿ ਅਜੇ ਤਕ ਦੋਵਾਂ ਨੇ ਲਿਖਤੀ ਤੌਰ ’ਤੇ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਉਕਲਾਨਾ ਦੇ ਆਰ. ਪੀ. ਐੱਫ. ਥਾਣੇ ਦੇ ਕਾਰਜਕਾਰੀ ਮੁਖੀ ਮਹਾਬੀਰ ਸਿੰਘ ਨੇ ਦੱਸਿਆ ਕਿ ਅਣਪਛਾਤਿਆਂ ਵਲੋਂ ਸਿਗਨਲ ਫੇਲ ਕਰ ਕੇ ਟਰੇਨ ਨੂੰ ਤਕਰੀਬਨ 8 ਮਿੰਟ ਤਕ ਰੋਕਿਆ ਗਿਆ। ਕੁਝ ਯਾਤਰੀਆਂ ਦੇ ਮੋਬਾਈਲ ਅਤੇ ਹੋਰ ਸਾਮਾਨ ਲੁੱਟਣ ਦੀ ਵੀ ਸੂਚਨਾ ਹੈ। ਦੋ ਪੀੜਤਾਂ ਨਾਲ ਸੰਪਰਕ ਕੀਤਾ ਗਿਆ ਹੈ। ਸਾਰਿਆਂ ਨੇ ਸ਼ਿਕਾਇਤ ਨਹੀਂ ਦਿੱਤੀ ਹੈ। ਸਿਗਨਲ ਫੇਲ ਕਰਨ ’ਤੇ ਰੇਲਵੇ ਐਕਟ ਦੀ ਧਾਰਾ 174 ਤਹਿਤ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।


Shyna

Content Editor

Related News