ਸੜਕ 'ਤੇ ਤੜਫ ਰਹੀ ਔਰਤ ਲਈ ਰੱਬ ਬਣ ਬਹੁੜਿਆ ਸਿੱਖ, ਪੱਗ ਨਾਲ ਬਚਾਈ ਜਾਨ

Monday, Jan 07, 2019 - 12:28 PM (IST)

ਸੜਕ 'ਤੇ ਤੜਫ ਰਹੀ ਔਰਤ ਲਈ ਰੱਬ ਬਣ ਬਹੁੜਿਆ ਸਿੱਖ, ਪੱਗ ਨਾਲ ਬਚਾਈ ਜਾਨ

ਸ਼੍ਰੀਨਗਰ— ਪੱਗੜੀ ਕਿਸੇ ਵੀ ਸਿੱਖ ਲਈ ਧਾਰਮਿਕ ਆਸਥਾ ਅਤੇ ਆਤਮਸਨਮਾਨ ਦਾ ਪ੍ਰਤੀਕ ਹੁੰਦੀ ਹੈ। ਇਸ ਨੂੰ ਜਨਤਕ ਤੌਰ 'ਤੇ ਸਿਰ ਤੋਂ ਉਤਾਰਨਾ ਜਾਂ ਫਿਰ ਖੋਲ੍ਹਣਾ ਮਨ੍ਹਾ ਹੈ ਪਰ ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ 'ਚ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਅਵੰਤੀਪੋਰ 'ਚ ਇਕ ਸਿੱਖ ਨੌਜਵਾਨ ਨੇ ਆਪਣੀ ਪੱਗੜੀ ਨਾਲ ਨਾ ਸਿਰਫ ਔਰਤ ਦੀ ਜਾਨ ਬਚਾਈ ਸਗੋਂ ਉਸ ਨੇ ਫਿਰਕੂ ਸਦਭਾਵਨਾ ਦੀ ਮਿਸਾਲ ਵੀ ਕਾਇਮ ਕਰ ਦਿੱਤੀ। ਤੇਜ਼ ਗਤੀ ਨਾਲ ਆ ਰਹੇ ਟਰੱਕ ਨੇ ਇਕ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਔਰਤ ਖੂਨ ਨਾਲ ਲੱਥਪੱਥ ਹੋ ਕੇ ਸੜਕ 'ਤੇ ਡਿੱਗ ਗਈ। ਟਰੱਕ ਚਾਲਕ ਆਪਣੇ ਵਾਹਨ ਸਮੇਤ ਮੌਕੇ 'ਤੇ ਫਰਾਰ ਹੋ ਗਿਆ। ਜਦੋਂ ਸੜਕ 'ਤੇ ਪਈ ਔਰਤ ਨੇ ਕਿਸੇ ਨੇ ਮਦਦ ਨਹੀਂ ਕੀਤੀ ਤਾਂ ਭੀੜ 'ਚ ਖੜ੍ਹਾ ਇਕ 20 ਸਾਲਾ ਸਿੱਖ ਨੌਜਵਾਨ ਮਨਜੀਤ ਸਿੰਘ ਅੱਗੇ ਆਇਆ ਅਤੇ ਉਸ ਨੇ ਆਪਣੀ ਪੱਗੜੀ ਉਤਾਰ ਕੇ ਔਰਤ ਦੇ ਜ਼ਖਮਾਂ 'ਤੇ ਬੰਨ੍ਹਣੀ ਸ਼ੁਰੂ ਕਰ ਦਿੱਤੀ। ਉਸ ਨੇ ਪੱਗੜੀ ਨੂੰ ਪੱਟੀ ਦੀ ਤਰ੍ਹਾਂ ਔਰਤ ਦੇ ਜ਼ਖਮਾਂ 'ਤੇ ਲਪੇਟ ਕੇ ਵੱਗ ਰਹੇ ਖੂਨ ਨੂੰ ਰੋਕਿਆ ਅਤੇ ਫਿਰ ਹੋਰ ਲੋਕਾਂ ਨੂੰ ਮਦਦ ਲਈ ਤਿਆਰ ਕਰ ਕੇ ਔਰਤ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਮੌਜੂਦ ਡਾਕਟਰਾਂ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਔਰਤ ਦੇ ਵਗਦੇ ਖੂਨ ਨੂੰ ਨਾ ਰੋਕਿਆ ਜਾਂਦਾ ਤਾਂ ਉਸ ਦੀ ਮੌਤ ਯਕੀਨੀ ਸੀ। ਫਿਲਹਾਲ ਮਹਿਲਾ ਹਸਪਤਾਲ 'ਚ ਇਲਾਜ ਅਧੀਨ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਦੇਵਰ (ਤ੍ਰਾਲ) 'ਚ ਰਹਿਣ ਵਾਲਾ ਮਨਜੀਤ ਸਿੰਘ ਨੇ ਕਿਹਾ ਕਿ ਮੈਂ ਜਦੋਂ ਭੀੜ ਦੇਖੀ ਤਾਂ ਰੁਕ ਗਿਆ। ਉੱਥੇ ਔਰਤ ਦੀ ਹਾਲਤ ਦੇਖ ਕੇ ਮੇਰੇ ਤੋਂ ਰਿਹਾ ਨਹੀਂ ਗਿਆ। ਪੱਗੜੀ ਸਾਡੇ ਸਿੱਖਾਂ ਦੀ ਆਸਥਾ ਅਤੇ ਸ਼ਾਨ ਹੈ ਪਰ ਜੇਕਰ ਔਰਤ ਉਂਝ ਸੜਕ 'ਤੇ ਮਰ ਜਾਂਦੀ ਤਾਂ ਫਿਰ ਉਹ ਸ਼ਾਨ ਅਤੇ ਆਸਥਾ ਕਿੱਥੇ ਰਹਿੰਦੀ। ਉਂਝ ਵੀ ਸਾਨੂੰ ਲੋੜਵੰਦਾਂ ਲਈ ਆਪਣੀ ਹਰ ਚੀਜ਼ ਕੁਰਬਾਨ ਕਰਨ ਦੀ ਸਿੱਖਿਆ ਸਾਡੇ ਗੁਰੂਆਂ ਨੇ ਦਿੱਤੀ ਹੈ। ਮਨਜੀਤ ਸਿੰਘ ਦੀ ਇਸ ਭਾਵਨਾ ਦੀ ਸਾਰੇ ਸ਼ਲਾਘਾ ਕਰ ਰਹੇ ਹਨ।


author

DIsha

Content Editor

Related News