ਦੇਸ਼ ’ਚ ਜੰਗ, ਅੱਤਵਾਦ ਨਾਲੋਂ ਵੀ ਜ਼ਿਆਦਾ ਮੌਤਾਂ ਸੜਕ ਹਾਦਸਿਆਂ ’ਚ : ਗਡਕਰੀ
Thursday, Aug 29, 2024 - 09:55 AM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ’ਚ ਜੰਗ, ਅੱਤਵਾਦ ਅਤੇ ਨਕਸਲਵਾਦ ਨਾਲੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਸੜਕ ਹਾਦਸਿਆਂ ’ਚ ਹੁੰਦੀ ਹੈ। ਉਦਯੋਗ ਮੰਡਲ ਫਿੱਕੀ ਦੇ ‘ਰੋਡ ਸੇਫਟੀ ਐਵਾਰਡ ਅਤੇ ਸੈਮੀਨਾਰ-2024 ਦੇ 6ਵੇਂ ਐਡੀਸ਼ਨ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਸੜਕ ਪ੍ਰਾਜੈਕਟਾਂ ਦੀ ਖ਼ਰਾਬ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ. ਪੀ. ਆਰ.) ਕਾਰਨ ‘ਬਲੈਕਸਪਾਟਸ’ (ਹਾਦਸਿਆਂ ਦੇ ਸੰਭਾਵੀ ਖੇਤਰ) ਦੀ ਗਿਣਤੀ ਵਧ ਰਹੀ ਹੈ। ਗਡਕਰੀ ਨੇ ਸਾਰੇ ਰਾਜ ਮਾਰਗਾਂ ਦੇ ਸੁਰੱਖਿਆ ਆਡਿਟ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਾਦਸਿਆਂ ਦੀ ਗਿਣਤੀ ਘੱਟ ਕਰਨ ਲਈ ਸਾਨੂੰ ਲੇਨ ਅਨੁਸ਼ਾਸਨ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਗਡਕਰੀ ਨੇ ਕਿਹਾ ਕਿ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਐਂਬੂਲੈਂਸ ਅਤੇ ਉਸ ਦੇ ਡਰਾਈਵਰਾਂ ਲਈ ਕੋਡ ਤਿਆਰ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਛੇਤੀ ਬਚਾਉਣ ਲਈ ਕਟਰ ਵਰਗੀਆਂ ਅਤਿਆਧੁਨਿਕ ਮਸ਼ੀਨਾਂ ਦੀ ਵਰਤੋਂ ਦੀ ਸਿਖਲਾਈ ਦਿੱਤੀ ਜਾ ਸਕੇ।
ਹਰ ਸਾਲ 1.5 ਲੱਖ ਲੋਕਾਂ ਦੀ ਮੌਤ
ਗਡਕਰੀ ਅਨੁਸਾਰ ਦੇਸ਼ ’ਚ ਹਰ ਸਾਲ 5 ਲੱਖ ਹਾਦਸੇ ਹੁੰਦੇ ਹਨ, ਜਿਨ੍ਹਾਂ ’ਚ 1.5 ਲੱਖ ਲੋਕਾਂ ਦੀ ਮੌਤ ਹੁੰਦੀ ਹੈ, ਜਦੋਂ ਕਿ 3 ਲੱਖ ਲੋਕ ਜਖ਼ਮੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਨੂੰ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ’ਚ 3 ਫ਼ੀਸਦੀ ਦਾ ਨੁਕਸਾਨ ਹੁੰਦਾ ਹੈ। ‘ਬਲੀ ਦੇ ਬੱਕਰੇ’ ਵਾਂਗ ਹਰ ਹਾਦਸੇ ਲਈ ਡਰਾਈਵਰ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਮੈਂ ਤੁਹਾਨੂੰ ਦੱਸ ਦੇਵਾਂ ਅਤੇ ਮੈਂ ਬਾਰੀਕੀ ਨਾਲ ਵੇਖਿਆ ਹੈ ਕਿ ਜ਼ਿਆਦਾਤਰ ਹਾਦਸੇ ਸੜਕ ਇੰਜੀਨੀਅਰਿੰਗ ’ਚ ਕਮੀ ਦੀ ਵਜ੍ਹਾ ਨਾਲ ਹੁੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8