ਮਰੀ ਹੋਈ ਗਾਂ ਨੂੰ ਬਚਾਉਣ ਦੇ ਚੱਕਰ ''ਚ ਗਈ 4 ਲੋਕਾਂ ਦੀ ਜਾਨ, ਕਾਰ ਦੇ ਉੱਡੇ ਪਰਖੱਚੇ
Thursday, Jan 09, 2025 - 10:27 AM (IST)
 
            
            ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ 4 ਲੋਕਾਂ ਦੀ ਜਾਨ ਚੱਲੀ ਗਈ। ਹਾਈਵੇਅ 'ਤੇ ਮ੍ਰਿਤਕ ਪਈ ਗਾਂ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਦੂਜੀ ਲੇਨ 'ਚ ਟਰੱਕ ਨਾਲ ਜਾ ਭਿੜੀ। ਜਿਸ ਦੇ ਚੱਲਦੇ ਕਾਰ ਸਵਾਰ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਇਕ ਔਰਤ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।
ਪੂਰਾ ਮਾਮਲਾ ਹਾਥਰਸ ਦੇ ਸਿਕੰਦਰਮਾਊ ਥਾਣਾ ਦਾ ਹੈ, ਜਿੱਥੇ ਬੀਤੀ ਸ਼ਾਮ ਹਾਈਵੇਅ 'ਤੇ ਪਿੰਡ ਰਤੀਭਾਨਪੁਰ 'ਚ ਇਹ ਸੜਕ ਹਾਦਸਾ ਵਾਪਰਿਆ। ਸੜਕ 'ਤੇ ਮਰੀ ਹੋਈ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਗਲਤ ਸਾਈਡ 'ਤੇ ਜਾ ਕੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਇਸ ਭਿਆਨਕ ਹਾਦਸੇ 'ਚ ਕਾਰ 'ਚ ਸਵਾਰ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗੰਭੀਰ ਰੂਪ 'ਚ ਜ਼ਖਮੀ ਔਰਤ ਦੀ ਜ਼ਿਲਾ ਹਸਪਤਾਲ 'ਚ ਮੌਤ ਹੋ ਗਈ। ਇਸ ਹਾਦਸੇ 'ਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਦੱਸ ਦੇਈਏ ਕਿ ਅਲੀਗੜ੍ਹ ਤੋਂ ਇਕ ਸਵਿਫਟ ਕਾਰ ਵਿਚ 4 ਲੋਕ ਏਟਾ ਵੱਲ ਜਾ ਰਹੇ ਸਨ। ਜਦੋਂ ਇਹ ਲੋਕ ਸਿਕੰਦਰਮਾਊ ਥਾਣਾ ਖੇਤਰ ਦੇ ਹਾਈਵੇਅ 'ਤੇ ਸਥਿਤ ਰਤੀਭਾਨਪੁਰ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਸੜਕ 'ਤੇ ਮਰੀ ਹੋਈ ਇਕ ਗਾਂ 'ਤੇ ਚੜ੍ਹ ਗਈ ਅਤੇ ਹਵਾ 'ਚ ਉਡਦੀ ਹੋਈ ਡਿਵਾਈਡਰ ਨੂੰ ਪਾਰ ਕਰ ਕੇ ਦੂਜੇ ਪਾਸੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            