ਇਕੱਠੇ ਬਲੀਆਂ 5 ਚਿਖਾਵਾਂ, ਹਰ ਅੱਖ ਹੋਈ ਨਮ
Monday, Nov 11, 2024 - 01:12 PM (IST)
ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲ੍ਹੇ ਦੇ ਨਾਲੇਜ ਪਾਰਕ ਇਲਾਕੇ ਵਿਚ ਐਤਵਾਰ ਨੂੰ ਵਾਪਰੇ ਇਕ ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਇਕੋ ਪਰਿਵਾਰ ਦੇ 5 ਲੋਕਾਂ ਦਾ ਅੱਜ ਯਾਨੀ ਸੋਮਵਾਰ ਤੜਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਵੱਡੀ ਗਿਣਤੀ 'ਚ ਲੋਕਾਂ ਦੀ ਮੌਜੂਦਗੀ 'ਚ ਇਕੋ ਸਮੇਂ ਪੰਜ ਚਿਖਾਵਾਂ ਬਲੀਆਂ ਅਤੇ ਵਿਰਲਾਪ ਕਰਦੇ ਪਰਿਵਾਰਕ ਮੈਂਬਰਾਂ ਨੇ ਆਪਣਿਆਂ ਨੂੰ ਅੰਤਿਮ ਵਿਦਾਈ ਦਿੱਤੀ ਤਾਂ ਹਰ ਅੱਖ ਨਮ ਹੋ ਗਈ। ਨੋਇਡਾ ਐਕਸਪ੍ਰੈਸਵੇਅ 'ਤੇ ਐਤਵਾਰ ਸਵੇਰੇ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਇਨ੍ਹਾਂ ਪੰਜ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰ ਧਰਮਿੰਦਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਦੋ ਸਾਲਾ ਬੱਚੇ ਦੀ ਤਬੀਅਤ ਵਿਗੜ ਗਈ ਤਾਂ ਇਹ ਲੋਕ ਉਸ ਦੇ ਇਲਾਜ ਲਈ ਨੋਇਡਾ-ਗ੍ਰੇਟਰ ਨੋਇਡਾ ਦੇ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਗਏ ਪਰ ਹਰ ਜਗ੍ਹਾ ਡਾਕਟਰਾਂ ਨੇ ਬੱਚੇ ਦੀ ਹਾਲਤ ਖਰਾਬ ਦੱਸਦੇ ਹੋਏ ਦੂਜੇ ਹਸਪਤਾਲ 'ਚ ਜਾਣ ਲਈ ਕਿਹਾ। ਧਰਮਿੰਦਰ ਅਨੁਸਾਰ ਇਕ ਹਸਪਤਾਲ 'ਚ ਪਰਿਵਾਰ ਵਾਲਿਆਂ ਨੇ ਬੱਚੇ ਦੇ ਇਲਾਜ ਲਈ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਦਿੱਲੀ ਦੇ ਹਸਪਤਾਲਾਂ 'ਚ ਪਤਾ ਕਰ ਕੇ ਬੱਚੇ ਨੂੰ ਉੱਥੇ ਲੈ ਜਾਣਗੇ, ਉਦੋਂ ਤੱਕ ਉਸ ਦਾ ਇਲਾਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਬੱਚੇ ਦੇ ਇਲਾਜ ਨੂੰ ਲੈ ਕੇ ਹਸਪਤਾਲ ਅਤੇ ਇਲਾਜ ਬਾਰੇ ਪਤਾ ਕਰਨ ਲਈ ਦਿੱਲੀ ਜਾ ਰਿਹਾ ਸੀ, ਉਦੋਂ ਇਹ ਘਟਨਾ ਹੋਈ। ਧਰਮਿੰਦਰ ਨੇ ਦੱਸਿਆ ਕਿ ਇਹ ਲੋਕ ਦਾਦਰੀ ਦੇ ਕਾਸ਼ੀਰਾਮ ਕਾਲੋਨੀ 'ਚ ਰਹਿੰਦੇ ਸਨ ਅਤੇ ਸਾਰੇ ਲੋਕ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਬੱਚੇ ਦਾ ਨਾਂ ਦੇਵੇਸ਼ ਹੈ ਅਤੇ ਉਹ ਬਾਲ ਮੈਡੀਕਲ ਅਤੇ ਪੋਸਟ ਗਰੈਜੂਏਟ ਐਜੂਕੇਸ਼ਨਲ ਇੰਸਟੀਚਿਊਟ (ਚਾਈਲਡ ਪੀਜੀਪਾਈ) ਸੈਕਟਰ 30 ਨੋਇਡਾ 'ਚ ਦਾਖ਼ਲ ਸੀ। ਪਰਿਵਾਰ ਵਾਲੇ ਉਸ ਨੂੰ ਆਪਣੇ ਨਾਲ ਘਰ ਲੈ ਗਏ ਹਨ। ਪੁਲਸ ਦੇ ਇਕ ਬੁਲਾਰੇ ਅਨੁਸਾਰ ਸਵੇਰੇ ਕਰੀਬ 6 ਵਜੇ ਇਕ ਕਾਰ 'ਚ ਸਵਾਰ ਇਹ ਲੋਕ ਨੋਇਡਾ ਤੋਂ ਐਕਸਪ੍ਰੈੱਸ ਵੇਅ ਦੇ ਰਸਤੇ ਗ੍ਰੇਟਰ ਨੋਇਡਾ ਵੱਲ ਜਾ ਰਹੇ ਸਨ ਪਰ ਕਾਰ ਸੜਕ ਕਿਨਾਰੇ ਖੜ੍ਹੇ ਇਕ ਖ਼ਰਾਬ ਵਾਹਨ ਨਾਲ ਜਾ ਟਕਰਾਈ। ਕਾਰ 'ਚ ਅਮਨ (27), ਉਸ ਦੇ ਪਿਤਾ ਦੇਵੀ ਸਿੰਘ (60), ਮਾਂ ਰਾਜਕੁਮਾਰੀ (50), ਵਿਮਲੇਸ਼ (40) ਅਤੇ ਕਮਲੇਸ਼ (40) ਸਵਾਰ ਸਨ। ਇਸ ਘਟਨਾ 'ਚ ਕਾਰ ਚਲਾ ਰਹੇ ਅਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਕਿ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਧਰਮਿੰਦਰ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਐਤਵਾਰ ਸ਼ਾਮ ਪੁਲਸ ਨੇ ਲਾਸ਼ਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ। ਉਸ ਅਨੁਸਾਰ ਸੋਮਵਾਰ ਤੜਕੇ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8