ਸਰਕਾਰ ਦੀ ਵੱਡੀ ਕਾਰਵਾਈ: 5 OTT ਐਪਸ ''ਤੇ ਲਗਾਈ ਪਾਬੰਦੀ

Tuesday, Feb 24, 2026 - 11:02 PM (IST)

ਸਰਕਾਰ ਦੀ ਵੱਡੀ ਕਾਰਵਾਈ: 5 OTT ਐਪਸ ''ਤੇ ਲਗਾਈ ਪਾਬੰਦੀ

ਨਵੀਂ ਦਿੱਲੀ: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (I&B Ministry) ਨੇ ਅਸ਼ਲੀਲ ਅਤੇ ਇਤਰਾਜ਼ਯੋਗ ਕੰਟੈਂਟ ਪਰੋਸਣ ਵਾਲੇ 5 OTT ਪਲੇਟਫਾਰਮਾਂ 'ਤੇ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਬੈਨ ਕਰ ਦਿੱਤਾ ਹੈ। ਮੰਤਰਾਲੇ ਨੇ ਇਨ੍ਹਾਂ ਐਪਸ ਦਾ ਐਕਸੈਸ ਬਲਾਕ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਹ ਐਪਸ ਕੀਤੇ ਗਏ ਬਲਾਕ 
ਸਰਕਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਪੰਜ OTT ਪਲੇਟਫਾਰਮਾਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿੱਚ MoodXVIP, Koyal Playpro, Digi Movieplex, Feel ਅਤੇ Jugnu ਸ਼ਾਮਲ ਹਨ। ਇਨ੍ਹਾਂ ਐਪਸ ਨੂੰ ਗੂਗਲ ਪਲੇਅ ਸਟੋਰ (Google Play Store) ਅਤੇ ਐਪਲ ਐਪ ਸਟੋਰ (Apple App Store) ਤੋਂ ਵੀ ਹਟਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ਲੀਲ ਕੰਟੈਂਟ ਦਿਖਾਉਣ ਵਾਲੇ ਇਨ੍ਹਾਂ ਐਪਸ ਦੇ ਲੱਖਾਂ ਦੀ ਗਿਣਤੀ ਵਿੱਚ ਡਾਊਨਲੋਡ ਸਨ।

ਕਿਉਂ ਹੋਈ ਕਾਰਵਾਈ? 
ਸਰਕਾਰ ਮੁਤਾਬਕ ਇਨ੍ਹਾਂ ਡਿਜੀਟਲ ਪਲੇਟਫਾਰਮਾਂ 'ਤੇ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਅਤੇ ਸ਼ੋਅ ਬਹੁਤ ਜ਼ਿਆਦਾ ਇਤਰਾਜ਼ਯੋਗ ਅਤੇ ਵਲਗਰ ਸਨ। ਇਨ੍ਹਾਂ ਦੀ ਵਰਤੋਂ ਸਿਰਫ਼ ਸਬਸਕ੍ਰਿਪਸ਼ਨ ਅਤੇ ਟ੍ਰੈਫਿਕ ਰਾਹੀਂ ਕਮਾਈ ਕਰਨ ਲਈ ਕੀਤੀ ਜਾ ਰਹੀ ਸੀ। ਸਰਕਾਰ ਨੇ ਇਹ ਕਾਰਵਾਈ ਆਈ.ਟੀ. ਐਕਟ 2000 (IT Act 2000) ਦੀ ਧਾਰਾ 67 ਅਤੇ 67ਏ ਦੇ ਤਹਿਤ ਕੀਤੀ ਹੈ, ਜਿਸ ਤਹਿਤ ਇੰਟਰਨੈੱਟ 'ਤੇ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਆਈ.ਟੀ. ਨਿਯਮ 2021 (ਡਿਜੀਟਲ ਮੀਡੀਆ ਐਥਿਕਸ ਕੋਡ) ਤਹਿਤ ਇਨ੍ਹਾਂ ਦਾ ਜਨਤਕ ਐਕਸੈਸ ਰੋਕਿਆ ਗਿਆ ਹੈ।

ਹੁਣ ਤੱਕ ਕੁੱਲ 30 OTT ਐਪਸ ਬੈਨ 
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਅਜਿਹੇ ਪਲੇਟਫਾਰਮਾਂ ਵਿਰੁੱਧ ਇਹ ਕੋਈ ਪਹਿਲੀ ਕਾਰਵਾਈ ਨਹੀਂ ਹੈ। ਪਿਛਲੇ ਸਾਲ 2025 ਵਿੱਚ ਵੀ 25 OTT ਐਪਸ ਨੂੰ ਬੈਨ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ALTT, Ullu ਅਤੇ Desiflix ਵਰਗੇ ਪ੍ਰਸਿੱਧ ਨਾਮ ਸ਼ਾਮਲ ਸਨ। ਤਾਜ਼ਾ ਕਾਰਵਾਈ ਤੋਂ ਬਾਅਦ, ਹੁਣ ਤੱਕ ਅਸ਼ਲੀਲ ਕੰਟੈਂਟ ਦਿਖਾਉਣ ਵਾਲੇ ਕੁੱਲ 30 OTT ਐਪਸ ਨੂੰ ਬਲਾਕ ਕੀਤਾ ਜਾ ਚੁੱਕਾ ਹੈ। ਇੰਟਰਨੈੱਟ ਸਰਵਿਸ ਪ੍ਰੋਵਾਈਡਰਾਂ (ISP) ਨੂੰ ਵੀ ਇਨ੍ਹਾਂ ਐਪਸ ਦੇ ਜਨਤਕ ਐਕਸੈਸ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
 


author

Inder Prajapati

Content Editor

Related News