ਸੜਕ ''ਤੇ ਮਿਲੀਆਂ 90 ਕੁੱਤਿਆਂ ਦੀਆਂ ਲਾਸ਼ਾਂ, ਬੰਨ੍ਹੇ ਹੋਏ ਸਨ ਮੂੰਹ-ਪੈਰ

09/09/2019 10:01:42 AM

ਬੁਲਢਾਨਾ— ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲੇ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 90 ਅਵਾਰਾ ਕੁੱਤਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਪੈਰ ਅਤੇ ਮੂੰਹ ਬੰਨ੍ਹੇ ਹੋਏ ਸਨ। ਐਤਵਾਰ ਨੂੰ ਪਿੰਡ ਵਾਸੀਆਂ ਤੋਂ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਨੇ ਕੁੱਤਿਆਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪੁਲਸ ਅਨੁਸਾਰ ਕਰੀਬ 100 ਕੁੱਤੇ ਜ਼ਿਲੇ ਦੇ ਵੱਖ-ਵੱਖ ਥਾਂਵਾਂ ਤੋਂ ਬਰਾਮਦ ਕੀਤੇ ਗਏ ਸਨ, ਜਿਨ੍ਹਾਂ 'ਚੋਂ 90 ਮ੍ਰਿਤ ਸਨ।

ਸੁੱਟ ਗਏ ਸਨ 100 ਕੁੱਤੇ, 10 ਮਿਲੇ ਜਿਉਂਦੇ
ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁੱਤਿਆਂ ਦੀਆਂ ਲਾਸ਼ਾਂ ਪੂਰਬੀ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲੇ ਦੇ ਜੰਗਲਾਤ ਖੇਤਰ ਗਿਰਦਾ-ਸਾਵਲਦਾਬਾਰਾ ਰੋਡ 'ਤੇ ਵੱਖ-ਵੱਖ ਥਾਂਵਾਂ 'ਤੇ ਬਿਖਰੀਆਂ ਪਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਘੱਟੋ-ਘੱਟ 5 ਥਾਂਵਾਂ 'ਤੇ 100 ਅਵਾਰਾ ਕੁੱਤਿਆਂ ਨੂੰ ਬੰਨ੍ਹ ਕੇ ਸੜਕ 'ਤੇ ਸੁੱਟ ਦਿੱਤਾ ਗਿਆ ਸੀ। ਇਨ੍ਹਾਂ 'ਚੋਂ 10 ਜਿਉਂਦੇ ਪਾਏ ਗਏ, ਜਦੋਂ ਕਿ ਬਾਕੀ ਦੀ ਮੌਤ ਹੋ ਚੁਕੀ ਸੀ।

ਬੱਦਬੂ ਫੈਲਣ 'ਤੇ ਮਾਮਲਾ ਆਇਆ ਸਾਹਮਣੇ
ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਕੁੱਤਿਆਂ ਦੀਆਂ ਲਾਸ਼ਾਂ ਸੜਨ ਲੱਗੀਆਂ ਅਤੇ ਉਨ੍ਹਾਂ 'ਚੋਂ ਬੱਦਬੂ ਫੈਲਣ ਲੱਗੀ। ਇਸ ਤੋਂ ਬਾਅਦ ਕਿਸੇ ਪਿੰਡ ਵਾਸੀ ਨੇ ਪਿੰਡ ਦੇ ਇਕ ਪੁਲਸ ਅਧਿਕਾਰੀ ਪਾਟਿਲ ਨਾਲ ਸੰਪਰਕ ਕੀਤਾ। ਪਾਟਿਲ ਨੇ ਘਟਨਾ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ। ਜੰਗਲਾਤ ਵਿਭਾਗ ਦੀ ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਜਿਉਂਦੇ ਕੁੱਤਿਆਂ ਨੂੰ ਤੁਰੰਤ ਮੁਕਤ ਕਰ ਦਿੱਤਾ।


DIsha

Content Editor

Related News