ਬਿਹਾਰ ਦੇ ਖੇਤੀਬਾੜੀ ਮੰਤਰੀ ਪ੍ਰੇਮ ਕੁਮਾਰ ''ਤੇ ਰਾਜਦ ਸਮਰਥਕਾਂ ਨੇ ਕੀਤਾ ਹਮਲਾ
Tuesday, Sep 15, 2020 - 09:25 PM (IST)

ਔਰੰਗਾਬਾਦ - ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਬੰਦੇਆ ਥਾਣਾ ਖੇਤਰ ਦੇ ਚਪਰਾ ਪਿੰਡ 'ਚ ਅੱਜ ਸ਼ਾਮ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਕਥਿਤ ਸਮਰਥਕਾਂ ਨੇ ਸੂਬੇ ਦੇ ਖੇਤੀਬਾੜੀ, ਪਸ਼ੂ ਅਤੇ ਮੱਛੀ ਸਰੋਤ ਮੰਤਰੀ ਡਾ. ਪ੍ਰੇਮ ਕੁਮਾਰ ਅਤੇ ਖੇਤਰੀ ਵਿਧਾਇਕ ਮਨੋਜ ਸ਼ਰਮਾ 'ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਅਤੇ ਪੁਲਸ ਨੇ ਅਸਫਲ ਕਰ ਦਿੱਤਾ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਡਾ. ਕੁਮਾਰ ਨੇ ਟੈਲੀਫੋਨ 'ਤੇ ਇੱਥੇ ਦੱਸਿਆ ਕਿ ਅੱਜ ਸ਼ਾਮ ਕਰੀਬ ਪੰਜ ਵਜੇ ਜਦੋਂ ਉਹ ਖੇਤਰੀ ਵਿਧਾਇਕ ਮਨੋਜ ਸ਼ਰਮਾ ਨਾਲ ਸਥਾਨਕ ਪਿੰਡ ਵਾਸੀਆਂ ਅਤੇ ਕਰਮਚਾਰੀਆਂ ਦੀ ਅਪੀਲ 'ਤੇ ਚਪਰਾ ਪਿੰਡ 'ਚ ਜਨ ਸੰਪਰਕ ਲਈ ਪੁੱਜੇ ਉਦੋਂ ਕਰੀਬ 20-25 ਦੀ ਗਿਣਤੀ 'ਚ ਰਾਜਦ ਦੇ ਕਥਿਤ ਕਰਮਚਾਰੀਆਂ ਅਤੇ ਸਮਰਥਕਾਂ ਨੇ ਅਚਾਨਕ ਹਮਲਾ ਕਰਨ ਦੀ ਕੋਸ਼ਿਸ਼ ਕੀਤਾ ਪਰ ਸੁਰੱਖਿਆ ਕਰਮਚਾਰੀਆਂ ਅਤੇ ਪੁਲਸ ਦੀ ਤਿਆਰੀ ਨਾਲ ਉਹ ਬਾਲ-ਬਾਲ ਬੱਚ ਗਏ। ਉਨ੍ਹਾਂ ਕਿਹਾ ਕਿ ਹਮਲਾਵਰ ਰਾਜਦ ਦੇ ਪੱਖ 'ਚ ਨਾਅਰੇ ਵੀ ਲਗਾ ਰਹੇ ਸਨ। ਉਥੇ ਹੀ, ਪੁਲਸ ਪ੍ਰਧਾਨ ਸੁਨੀਲ ਕੁਮਾਰ ਪੋਰਿਕਾ ਨੇ ਪੁੱਛੇ ਜਾਣ 'ਤੇ ਦੱਸਿਆ ਕਿ ਇਸ ਸੰਬੰਧ 'ਚ ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਜੇਕਰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਪੁਲਸ ਕਾਰਵਾਈ ਕਰੇਗੀ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਤੋਂ ਬਿਹਾਰ ਦੇ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਕੰਮਾਂ ਤੋਂ ਵਿਰੋਧੀ ਰਾਜਦ ਦੇ ਕਰਮਚਾਰੀ ਨਿਰਾਸ਼ ਹੋ ਗਏ ਹਨ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸੰਭਾਵਿਕ ਹਾਰ ਨੂੰ ਦੇਖਦੇ ਹੋਏ ਨਿਰਾਸ਼ਾ 'ਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ 'ਤੇ ਉਤਾਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਰਾਜਦ ਦੇ ਸਮਰਥਕ ਦਿਹਾਤੀ ਇਲਾਕੇ 'ਚ ਰਾਸ਼ਟਰੀ ਲੋਕਤੰਤਰੀ ਗਠਜੋੜ (ਰਾਜਗ) ਦੇ ਨੇਤਾਵਾਂ 'ਤੇ ਹਮਲਾ ਕਰ ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੂਬਾ ਸਰਕਾਰ ਅਤੇ ਪੁਲਸ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗੀ। ਆਮ ਜਨਤਾ ਰਾਜਗ ਨੂੰ ਆਪਣਾ ਸਮਰਥਨ ਦੇਣ ਦਾ ਮਨ ਬਣਾ ਚੁੱਕੀ ਹੈ ਅਤੇ ਹਰ ਪਾਸਿਓਂ ਰਾਜਗ ਦੇ ਉਮੀਦਵਾਰਾਂ ਨੂੰ ਮਿਲਦੇ ਸਮਰਥਨ ਨੂੰ ਦੇਖ ਕੇ ਰਾਜਦ ਦੇ ਕੁਝ ਕਰਮਚਾਰੀ ਅਤੇ ਸਮਰਥਕ ਬੌਖਲਾ ਗਏ ਹਨ।
Related News
ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਿੱਖਿਆ ਮੰਤਰੀ ਵੱਲੋਂ ਸਖ਼ਤ ਹੁਕਮ ਜਾਰੀ
