ਡਰੱਗ ਮਾਮਲੇ 'ਚ ਰਿਆ ਚੱਕਰਵਰਤੀ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ
Wednesday, Sep 09, 2020 - 03:56 AM (IST)
ਮੁੰਬਈ : ਡਰੱਗ ਮਾਮਲੇ 'ਚ ਸਥਾਨਕ ਕੋਰਟ ਨੇ ਰਿਆ ਚੱਕਰਵਰਤੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਰਿਆ ਚੱਕਰਵਰਤੀ ਨੂੰ 22 ਸਤੰਬਰ ਤੱਕ ਜੇਲ੍ਹ 'ਚ ਰਹਿਣਾ ਹੋਵੇਗਾ। ਇਸ ਤੋਂ ਪਹਿਲਾਂ ਰਿਆ ਦੇ ਵਕੀਲ ਨੇ ਕੋਰਟ 'ਚ ਅਗਰਿਮ ਜ਼ਮਾਨਤ ਦੀ ਅਰਜ਼ੀ ਦਰਜ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ। ਐੱਨ.ਸੀ.ਬੀ. ਨੇ ਮੰਗਲਵਾਰ ਨੂੰ ਰਿਆ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਅਤੇ ਨਿਆਂਇਕ ਹਿਰਾਸਤ ਦੀ ਮੰਗ ਕੀਤੀ। ਕਰੀਬ ਢਾਈ ਘੰਟੇ ਚੱਲੀ ਸੁਣਵਾਈ ਤੋਂ ਬਾਅਦ ਕੋਰਟ ਨੇ ਰਿਆ ਦੀ ਅਗਰਿਮ ਜ਼ਮਾਨਤ ਦੀ ਅਰਜੀ਼ ਨੂੰ ਖ਼ਾਰਿਜ ਕਰ ਦਿੱਤਾ ਅਤੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ।
ਦੱਸ ਦਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਅਦਾਕਾਰਾ ਰਿਆ ਚੱਕਰਵਰਤੀ ਨੂੰ ਉਨ੍ਹਾਂ ਦੇ ‘ਲਿਵ ਇਨ ਪਾਰਟਨਰ' ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਦੋਸ਼ਾਂ ਦੇ ਸਿਲਸਿਲੇ 'ਚ ਤਿੰਨ ਦਿਨਾਂ ਤੱਕ ਪੁੱਛਗਿਛ ਕਰਨ ਤੋਂ ਬਾਅਦ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ। ਐੱਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਕੇ.ਪੀ.ਐੱਸ. ਮਲਹੋਤਰਾ ਨੇ ਦੱਸਿਆ, ‘‘ਰਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਤੁਰੰਤ ਬਾਅਦ ਮੈਡੀਕਲ ਜਾਂਚ ਅਤੇ ਕੋਵਿਡ-19 ਦੀ ਜਾਂਚ ਲਈ ਇੱਥੇ ਇੱਕ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਰਿਆ ਨੇ ਐੱਨ.ਸੀ.ਬੀ. ਅਧਿਕਾਰੀਆਂ ਨਾਲ ਵਾਹਨ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਐਂਟੀ-ਨਾਰਕੋਟਿਕ ਏਜੰਸੀ ਦੇ ਦੱਖਣੀ ਮੁੰਬਈ ਸਥਿਤ ਦਫ਼ਤਰ ਦੇ ਬਾਹਰ ਖੜੇ ਮੀਡੀਆ ਕਰਮਚਾਰੀਆਂ ਵੱਲ ਆਪਣੇ ਹੱਥ ਲਹਿਰਾਏ। ਕਾਲੇ ਲਿਬਾਸ 'ਚ ਰਿਆ ਬਲਾਰਡ ਅਸਟੇਟ ਸਥਿਤ ਐੱਨ.ਸੀ.ਬੀ. ਦੇ ਦਫ਼ਤਰ 'ਚ ਮੰਗਲਵਾਰ ਸਵੇਰੇ ਕਰੀਬ ਸਾਢੇ 10 ਵਜੇ ਪਹੁੰਚੀ ਅਤੇ ਦਫ਼ਤਰ 'ਚ ਪ੍ਰਵੇਸ਼ ਕਰਦੇ ਸਮੇਂ ਉਨ੍ਹਾਂ ਕੋਲ ਇੱਕ ਥੈਲਾ ਵੀ ਸੀ। ਰਿਆ (28) ਨੇ ਹਾਲ ਹੀ 'ਚ ਟੀ.ਵੀ. ਚੈਨਲਾਂ ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਸੀ।