RG ਕਰ ਮਾਮਲਾ: ED ਨੇ ਤ੍ਰਿਣਮੂਲ ਵਿਧਾਇਕ ਨੂੰ ਪੁੱਛਗਿੱਛ ਲਈ ਕੀਤਾ ਤਲਬ

Thursday, Sep 19, 2024 - 03:10 PM (IST)

RG ਕਰ ਮਾਮਲਾ: ED ਨੇ ਤ੍ਰਿਣਮੂਲ ਵਿਧਾਇਕ ਨੂੰ ਪੁੱਛਗਿੱਛ ਲਈ ਕੀਤਾ ਤਲਬ

ਕੋਲਕਾਤਾ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੋਲਕਾਤਾ ਦੇ ਆਰ. ਜੀ. ਕਰ ਹਸਪਤਾਲ ਅਤੇ ਮੈਡੀਕਲ ਕਾਲਜ 'ਚ ਵਿੱਤੀ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੁਦੀਪਤਾ ਰਾਏ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਏ ਪੱਛਮੀ ਬੰਗਾਲ ਮੈਡੀਕਲ ਕੌਂਸਲ ਦੇ ਪ੍ਰਧਾਨ ਹਨ ਅਤੇ ਆਰ. ਜੀ. ਕਰ ਰੋਗੀ ਕਲਿਆਣ ਸਮਿਤੀ ਦਾ ਚਾਰਜ ਵੀ ਸੰਭਾਲਦੇ ਹਨ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੇ ਵੀ ਇਸ ਮਾਮਲੇ ਵਿਚ ਉਸ ਤੋਂ ਪੁੱਛਗਿੱਛ ਕੀਤੀ ਹੈ ਕਿਉਂਕਿ ਇਹ ਕੇਸ ਵਿਚ ਕਥਿਤ ਬੇਨਿਯਮੀਆਂ ਦੀ ਵੀ ਜਾਂਚ ਕਰ ਰਹੀ ਹੈ।

ਈ. ਡੀ. ਨੇ ਮੰਗਲਵਾਰ ਨੂੰ ਸੇਰਾਮਪੁਰ ਵਿਧਾਇਕ ਦੇ ਕੰਪਲੈਕਸ ਤੋਂ ਇਲਾਵਾ ਕੁਝ ਹੋਰ ਕੰਪਲੈਕਸਾਂ ਦੀ ਤਲਾਸ਼ੀ ਲਈ। ਸੂਤਰਾਂ ਨੇ ਦੱਸਿਆ ਕਿ ਰਾਏ ਨੂੰ ਮਾਮਲੇ ਵਿਚ ਪੁੱਛਗਿੱਛ ਲਈ ਕੋਲਕਾਤਾ ਸਥਿਤ ਈਡੀ ਦਫ਼ਤਰ ਵਿਚ ਵੀਰਵਾਰ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾ. ਸੰਦੀਪ ਘੋਸ਼ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਤਰ ਕੀਤਾ ਹੈ। ਸੀ. ਬੀ. ਆਈ. ਵਲੋਂ FIR ਦਰਜ ਕਰਨ ਮਗਰੋਂ ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਕੋਲਕਾਤਾ ਦੇ ਆਰ. ਜੀ. ਕਰ ਹਸਪਤਾਲ ਵਿਚ 9 ਅਗਸਤ ਨੂੰ ਇਕ ਟ੍ਰੇਨੀ ਮਹਿਲਾ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਕਤਲ ਦੀ ਘਟਨਾ ਤੋਂ ਬਾਅਦ ਬੇਨਿਯਮੀਆਂ ਸਾਹਮਣੇ ਆਈਆਂ ਹਨ। ਮਹਿਲਾ ਡਾਕਟਰ ਨਾਲ ਹੋਏ ਘਿਨਾਉਣੇ ਅਪਰਾਧ ਦੇ ਖਿਲਾਫ ਸੂਬੇ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ। ਨਾਲ ਹੀ ਸੂਬਾ ਸਰਕਾਰ ਅਤੇ ਡਾਕਟਰਾਂ ਵਿਚਕਾਰ ਅਜੇ ਵੀ ਡੈੱਡਲਾਕ ਜਾਰੀ ਹੈ। ਸੰਦੀਪ ਘੋਸ਼ ਦੇ ਘਰ ਛਾਪੇਮਾਰੀ ਕਰਨ ਤੋਂ ਬਾਅਦ ਈਡੀ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਨੇ ਪੱਛਮੀ ਬੰਗਾਲ ਸਰਕਾਰ ਦੇ ਅਧਿਕਾਰੀਆਂ ਤੋਂ 'ਉਚਿਤ ਪ੍ਰਵਾਨਗੀ' ਲਏ ਬਿਨਾਂ ਦੋ ਅਚੱਲ ਜਾਇਦਾਦਾਂ ਖਰੀਦੀਆਂ ਹਨ।


author

Tanu

Content Editor

Related News