ਕੋਰੋਨਾ ਅਲਰਟ : ਇਨ੍ਹਾਂ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਗਾਈਡਲਾਈਨ ਜਾਰੀ
12/30/2022 4:28:32 PM

ਨਵੀਂ ਦਿੱਲੀ (ਭਾਸ਼ਾ)- ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਉਡਾਣਾਂ 'ਤੇ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਦੇ ਸੋਧੇ ਗਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ ਚੀਨ ਅਤੇ ਥਾਈਲੈਂਡ ਸਮੇਤ 6 ਦੇਸ਼ਾਂ ਦੇ ਯਾਤਰੀਆਂ ਲਈ ਆਰਟੀ-ਪੀਸੀਆਰ ਨੈਗੇਟਿਵ ਟੈਸਟ ਰਿਪੋਰਟਾਂ ਨੂੰ ਲਾਜ਼ਮੀ ਬਣਾਉਣ ਤੋਂ ਪਹਿਲਾਂ ਜਾਰੀ ਕੀਤੇ ਗਏ ਹਨ। 1 ਜਨਵਰੀ 2023 ਤੋਂ ਚੀਨ, ਸਿੰਗਾਪੁਰ, ਹਾਂਗਕਾਂਗ, ਕੋਰੀਆ ਗਣਰਾਜ, ਥਾਈਲੈਂਡ ਅਤੇ ਜਾਪਾਨ ਤੋਂ ਆਉਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਪ੍ਰੀ-ਡਿਪਾਰਚਰ RT-PCR ਨੈਗੇਟਿਵ ਟੈਸਟ ਰਿਪੋਰਟ ਲਾਜ਼ਮੀ ਹੋਵੇਗੀ। ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਏਅਰਲਾਈਨਾਂ ਨੂੰ ਆਪਣੀ ਚੈੱਕ-ਇਨ ਕਾਰਜਕੁਸ਼ਲਤਾ 'ਚ ਬਦਲਾਅ ਸ਼ਾਮਲ ਕਰਨ ਅਤੇ 6 ਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੀ ਬੋਰਡਿੰਗ ਪਾਸ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਨ੍ਹਾਂ ਨੇ ਹਵਾਈ ਸੁਵਿਧਾ ਪੋਰਟਲ 'ਤੇ ਸਵੈ-ਰਜਿਸਟਰਡ ਘੋਸ਼ਣਾ ਪੱਤਰ ਜਮ੍ਹਾ ਕੀਤਾ ਹੈ।
ਇਸ 'ਚ ਅੱਗੇ ਕਿਹਾ ਗਿਆ,''ਏਅਰ ਸਹੂਲਤ ਪੋਰਟਲ ਸਵੈ-ਘੋਸ਼ਣਾ ਨੂੰ ਚੀਨ, ਸਿੰਗਾਪੁਰ, ਹਾਂਕਗਾਂਗ, ਕੋਰੀਆ ਗਣਰਾਜ, ਥਾਈਲੈਂਡ ਅਤੇ ਜਾਪਾਨ ਤੋਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਚਾਲੂ ਕਰ ਦਿੱਤਾ ਗਿਆ ਹੈ। ਇਸ 'ਚ ਭਾਰਤ ਆਉਣ ਵਾਲੇ ਇਨ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਲਈ RT-PCR ਨਕਾਰਾਤਮਕ ਟੈਸਟ ਰਿਪੋਰਟ ਦੇ ਨਾਲ-ਨਾਲ ਸਵੈ-ਘੋਸ਼ਣਾ ਨੂੰ ਅਪਲੋਡ ਕਰਨ ਦੀ ਆਗਿਆ ਦੇਣ ਲਈ ਇਸ 'ਚ ਇਕ ਵਿਵਸਥਾ ਸ਼ਾਮਲ ਕੀਤੀ ਗਈ ਹੈ।'' ਯਾਤਰਾ ਸ਼ੁਰੂ ਹੋਣ ਤੋਂ 72 ਘੰਟੇ ਪਹਿਲਾਂ RT-PCR ਟੈਸਟ ਕੀਤਾ ਜਾਣਾ ਚਾਹੀਦਾ ਹੈ। ਹਰੇਕ ਅੰਤਰਰਾਸ਼ਟਰੀ ਉਡਾਣ 'ਤੇ ਆਉਣ ਵਾਲੇ 2 ਫੀਸਦੀ ਯਾਤਰੀਆਂ ਦੀ ਬੇਤਰਤੀਬ ਸਕ੍ਰੀਨਿੰਗ ਦੀ ਮੌਜੂਦਾ ਪ੍ਰਣਾਲੀ ਵੀ ਜਾਰੀ ਰਹੇਗੀ। ਇਹ ਫ਼ੈਸਲੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਅਤੇ 6 ਦੇਸ਼ਾਂ 'ਚ SARS-CoV-2 ਵੇਰੀਐਂਟ ਦੇ ਫੈਲਣ ਦੀਆਂ ਰਿਪੋਰਟਾਂ ਦਰਮਿਆਨ ਲਏ ਗਏ ਹਨ। ਮੰਤਰਾਲਾ ਨੇ ਸ਼ੁੱਕਰਵਾਰ ਨੂੰ ਸਾਰੀਆਂ ਅਨੁਸੂਚਿਤ ਵਪਾਰਕ ਏਅਰਲਾਈਨਾਂ, ਹਵਾਈ ਅੱਡੇ ਦੇ ਸੰਚਾਲਕਾਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ/ਪ੍ਰਸ਼ਾਸਕਾਂ ਸਮੇਤ ਹੋਰਾਂ ਨੂੰ ਸੋਧੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਭੇਜੀ ਹੈ। ਤਾਜ਼ਾ ਅਧਿਕਾਰਤ ਅੰਕੜਿਆਂ ਦੇ ਅਨੁਸਾਰ, 29 ਦਸੰਬਰ ਨੂੰ 83,003 ਅੰਤਰਰਾਸ਼ਟਰੀ ਯਾਤਰੀ ਪਹੁੰਚੇ।