3 ਮਹੀਨੇ ਦੀ ਬੱਚੀ ਤੋਂ ਲਿਆ ਪ੍ਰੇਮੀ ਦੀ ਬੇਵਫਾਈ ਦਾ ਬਦਲਾ

Sunday, Mar 25, 2018 - 05:28 PM (IST)

ਨਵੀਂ ਦਿੱਲੀ— ਸਾਬਕਾ ਪ੍ਰੇਮਿਕਾ ਨੇ ਪ੍ਰੇਮੀ ਦੇ ਵਿਆਹ ਤੋਂ ਬਾਅਦ ਉਸ ਦੀ ਬੇਰੁਖੀ ਤੋਂ ਨਾਰਾਜ਼ ਹੋ ਕੇ ਉਸ ਦੀ ਤਿੰਨ ਮਹੀਨੇ ਦੀ ਬੱਚੀ ਨੂੰ ਅਗਵਾ ਕਰ ਲਿਆ। ਇਹੀ ਨਹੀਂ ਮਾਸੂਮ ਬੱਚੀ ਨੂੰ ਗਾਜ਼ੀਆਬਾਦ ਦੇ ਇਕ ਮੰਦਰ 'ਚ ਲਾਵਾਰਸ ਛੱਡ ਕੇ ਫਰਾਰ ਹੋ ਗਈ। ਹਾਲਾਂਕਿ ਪੁਲਸ ਨੇ 24 ਘੰਟਿਆਂ 'ਚ ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਕੇ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਹੈ। ਪੁਲਸ ਨੇ ਪ੍ਰੇਮਿਕਾ ਦੇ ਖਿਲਾਫ ਅਗਵਾ ਅਤੇ ਹੋਰ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸ਼ਾਮ ਬਾਬੂ ਉਰਫ ਦੀਪਕ ਸੀਮਾਪੁਰੀ ਥਾਣਾ ਖੇਤਰ ਦੇ ਕਲੰਦਰ ਕਾਲੋਨੀ 'ਚ ਰਹਿੰਦਾ ਹੈ, ਉਹ ਆਈ.ਜੀ.ਐੱਲ. ਕੰਪਨੀ 'ਚ ਕੰਮ ਕਰਦਾ ਹੈ। ਸ਼ਾਮ ਬਾਬੂ ਦਾ ਦੋਸ਼ੀ ਮਹਿਲਾ (ਪਿੰਕੀ) ਬਦਲਿਆ ਹੋਇਆ ਨਾਂ ਨਾਲ ਪਿਛਲੇ ਕਾਫੀ ਸਮੇਂ ਤੋਂ ਪ੍ਰੇਮ ਸੰਬੰਧ ਸਨ ਪਰ ਸਵਾ ਸਾਲ ਪਹਿਲਾਂ ਉਸ ਦਾ ਵਿਆਹ ਗੀਤਾ ਨਾਲ ਹੋ ਗਿਆ।
ਜਿਸ ਤੋਂ ਬਾਅਦ ਸ਼ਾਮ ਬਾਬੂ ਨੇ ਪਿੰਕੀ ਨੂੰ ਮਿਲਣਾ ਬੰਦ ਕਰ ਦਿੱਤਾ ਸੀ। ਹਾਲਾਂਕਿ ਪਿੰਕੀ ਲਗਾਤਾਰ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸ਼ਾਮ ਬਾਬੂ ਨੇ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਨਾਰਾਜ਼ ਹੋ ਕੇ ਪਿੰਕੀ ਨੇ ਸ਼ਾਮ ਬਾਬੂ ਨੂੰ ਸਬਕ ਸਿਖਾਉਣ ਲਈ ਸ਼ੁੱਕਰਵਾਰ ਦੀ ਰਾਤ ਸੀਮਾਪੁਰੀ ਸਥਿਤ ਕਲੰਦਰ ਕਾਲੋਨੀ ਤੋਂ ਉਸ ਦੀ ਤਿੰਨ ਮਹੀਨੇ ਦੀ ਬੇਟੀ ਰਾਣੀ (ਬਦਲਿਆ ਹੋਇਆ ਨਾਂ) ਨੂੰ ਅਗਵਾ ਕਰ ਲਿਆ। ਬੱਚੀ ਦੇ ਨਾ ਮਿਲਣ 'ਤੇ ਸ਼ਾਮ ਬਾਬੂ ਨੇ ਬੱਚੀ ਦੇ ਗੁੰਮ ਹੋਣ ਦੀ ਸੂਚਨਾ ਥਾਣਾ ਸੀਮਾਪੁਰੀ ਪੁਲਸ ਨੂੰ ਦਿੱਤੀ। ਪੁਲਸ ਨੇ ਅਗਵਾ ਦੀਆਂ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਬੱਚੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁੱਛ-ਗਿੱਛ ਦੌਰਾਨ ਸ਼ਾਮ ਬਾਬੂ ਨੇ ਪਿੰਕੀ 'ਤੇ ਸ਼ੱਕ ਜ਼ਾਹਰ ਕੀਤਾ। ਜਿਸ ਤੋਂ ਬਾਅਦ ਪੁਲਸ ਨੇ ਪਿੰਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਗਾਜ਼ੀਆਬਾਦ ਪੁਲਸ ਨੂੰ ਸੂਚਨਾ ਮਿਲੀ ਕਿ ਇੱਥੋਂ ਦੇ ਇਕ ਮੰਦਰ 'ਚ ਲਾਵਾਰਸ ਬੱਚੀ ਮਿਲੀ ਹੈ। ਪੁਲਸ ਨੇ ਉੱਤਰੀ-ਪੂਰਬੀ ਜ਼ਿਲਾ ਪੁਲਸ ਨਾਲ ਬੱਚੀ ਦੇ ਮਿਲਣ ਦੀ ਸੂਚਨਾ ਸਾਂਝੀ ਕੀਤੀ। ਸੀਮਾਪੁਰੀ ਪੁਲਸ ਸ਼ਾਮ ਬਾਬੂ ਨੂੰ ਲੈ ਕੇ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣਾ ਅਤੇ ਫਿਰ ਚਾਈਲਡ ਹੋਮ ਪੁੱਜੀ, ਸ਼ਾਮ ਨੇ ਬੱਚੀ ਨੂੰ ਪਛਾਣ ਲਿਆ। ਪੁਲਸ ਨੇ ਬੱਚੀ ਨੂੰ ਬਰਾਮਦ ਕਰਨ ਤੋਂ ਬਾਅਦ ਮੰਦਰ ਦੀ ਅਤੇ ਨੇੜੇ-ਤੇੜੇ ਦੀ ਸੀ.ਸੀ.ਟੀ.ਵੀ. ਫੁਟੇਜ ਚੈੱਕ ਕੀਤੀ, ਜਿਸ 'ਚ ਪੁਲਸ ਨੂੰ ਪਿੰਕੀ ਨਜ਼ਰ ਆਈ। ਜਿਸ ਤੋਂ ਬਾਅਦ ਪੁਲਸ ਨੇ ਪਿੰਕੀ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਪਿੰਕੀ ਅਤੇ ਉਸ ਦੇ ਸਾਥੀ ਤੋਂ ਪੁੱਛ-ਗਿੱਛ ਕਰ ਰਹੀ ਹੈ।


Related News