ਬੱਚੀ ਨੂੰ ਵਾਲਾਂ ਤੋਂ ਘੜੀਸਦਿਆਂ ਚੱਪਲਾਂ ਨਾਲ ਕੁੱਟਿਆ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

Sunday, Sep 15, 2024 - 01:37 PM (IST)

ਬੱਚੀ ਨੂੰ ਵਾਲਾਂ ਤੋਂ ਘੜੀਸਦਿਆਂ ਚੱਪਲਾਂ ਨਾਲ ਕੁੱਟਿਆ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਦੇ ਮੁਹੱਲਾ ਲੋਹਾਰਾ ਵਿਖੇ ਇੱਕ ਵਿਅਕਤੀ ਵੱਲੋਂ ਘਰ 'ਚ ਦਾਖ਼ਲ ਹੋ ਕੇ ਮਾਂ-ਪਿਓ ਦੀ ਗੈਰ ਹਾਜ਼ਰੀ 'ਚ 10 ਸਾਲਾ ਬੱਚੀ ਦੀ ਵਾਲਾਂ ਤੋਂ ਫੜ੍ਹ ਕੇ ਘੜੀਸਣ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਗੁੱਸੇ 'ਚ ਆਏ ਲੋਕ ਇਸ ਨੂੰ ਬਹੁਤ ਹੀ ਨਿੰਦਣਯੋਗ ਘਟਨਾ ਦੱਸਦੇ ਹੋਏ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਕੁੜੀ ਦੇ ਪਿਤਾ ਨੇ ਬੱਚੀ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲਸ ਨੂੰ ਵੀਡੀਓ ਦੇ ਕੇ ਸ਼ਿਕਾਇਤ ਦਰਜ ਕਰਵਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਪੁਲਸ ਵੱਲੋਂ ਜਾਂਚ ਜਾਰੀ ਹੈ। ਜਾਣਕਾਰੀ ਅਨੁਸਾਰ ਦਮੋਦਰ ਭਗਤ ਦਾ ਪਰਿਵਾਰ ਮੁਹੱਲਾ ਲੁਹਾਰਾਂ ਵਿਖੇ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਗ੍ਰਨੇਡ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਦੂਜੇ ਦੋਸ਼ੀ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ (ਵੀਡੀਓ)

ਉਸ ਦੀ 10 ਸਾਲ ਦੀ ਧੀ ਸੋਨਾਕਸ਼ੀ ਪਹਿਲੀ ਜਮਾਤ 'ਚ ਪੜ੍ਹਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਉਨ੍ਹਾਂ ਦੇ ਕਿਰਾਏ ਦੇ ਮਕਾਨ 'ਚ ਦਾਖ਼ਲ ਹੋਇਆ, ਜਿੱਥੇ ਪਿਤਾ ਦਾਮੋਦਰ ਅਤੇ ਬੱਚੀ ਦੀ ਮਾਂ ਸੁਸ਼ੀਤਾ ਮੌਜੂਦ ਨਹੀਂ ਸੀ ਪਰ ਗੁਆਂਢੀ ਪਰਿਵਾਰ ਮੌਜੂਦ ਸੀ। ਵਿਅਕਤੀ ਨੇ ਕੁੱਝ ਬੱਚਿਆਂ ਤੋਂ ਪੁੱਛਗਿੱਛ ਕੀਤੀ, ਜਿਨ੍ਹਾਂ ਨੇ ਸੋਨਾਕਸ਼ੀ ਦਾ ਨਾਂ ਲਿਆ। ਜਦੋਂ ਸੋਨਾਕਸ਼ੀ ਡਰਦੇ ਮਾਰੇ ਕਮਰੇ ਤੋਂ ਬਾਹਰ ਨਹੀਂ ਆਈ ਤਾਂ ਉਸ ਨੇ ਦੂਜੇ ਬੱਚੇ ਨੂੰ ਬਾਹਰ ਲੈ ਕੇ ਆਉਣ ਲਈ ਆਖਿਆ। ਉਸ ਵਿਅਕਤੀ ਨੇ ਬੱਚੀ ਦੇ ਬਾਹਰ ਆਉਣ ਤੋਂ ਪਹਿਲਾਂ ਚੱਪਲ ਚੁੱਕ ਲਈ ਅਤੇ ਛੋਟੀ ਬੱਚੀ ਨੂੰ ਵਾਲਾਂ ਤੋਂ ਖਿੱਚ ਕੇ ਕਮਰੇ ਤੋਂ ਬਾਹਰ ਲੈ ਆਇਆ। ਵੀਡੀਓ 'ਚ ਉਸ ਨੂੰ ਬੇਰਹਿਮੀ ਨਾਲ ਕੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਹਰ ਬੁੱਧਵਾਰ ਅਧਿਕਾਰੀ ਕਰਨਗੇ ਮੀਟਿੰਗ

ਹਾਲਾਂਕਿ ਥੋੜ੍ਹੀ ਕੁੱਟਮਾਰ ਤੋਂ ਬਾਅਦ ਵੀਡੀਓ ਬੰਦ ਕਰ ਦਿੱਤੀ ਗਈ ਸੀ ਪਰ ਕੁੱਝ ਸਕਿੰਟਾਂ ਦੀ ਬਣੀ ਇਸ ਵੀਡੀਓ 'ਚ ਬੱਚੀ ਦੀ ਕੁੱਟਮਾਰ ਸਮੇਤ ਚੀਕਾਂ ਸੁਣਾਈ ਦੇ ਰਹੀਆਂ ਹਨ। ਇਸ ਵਿੱਚ ਬੱਚੀ ਆਪਣੇ ਆਪ ਨੂੰ ਬੇਕਸੂਰ ਦੱਸ ਰਹੀ ਹੈ। ਇਸ ਸਬੰਧੀ ਕੁੱਟਮਾਰ ਦੀ ਸ਼ਿਕਾਰ ਕੁੜੀ ਦੇ ਪਿਤਾ ਦਮੋਦਰ ਭਗਤ ਨੇ ਦੱਸਿਆ ਕਿ ਉਹ ਡਿਊਟੀ ’ਤੇ ਸੀ, ਜਦੋਂਕਿ ਉਸ ਦੀ ਪਤਨੀ ਗੁਆਂਢੀਆਂ ਦੇ ਘਰ ਗਈ ਹੋਈ ਸੀ। ਉਸ ਦੀ ਧੀ ਸੋਨਾਕਸ਼ੀ ਨੇ ਉਸ ਨੂੰ ਦੱਸਿਆ ਕਿ ਕਿਸੇ ਬੱਚੇ ਨੇ ਸਾਈਕਲ 'ਤੇ ਗਲੀ 'ਚੋਂ ਲੰਘ ਰਹੇ ਵਿਅਕਤੀ ਵੱਲ ਛੋਟੀ ਜਿਹੀ ਰੋੜੀ ਸੁੱਟੀ, ਜੋ ਉਕਤ ਵਿਅਕਤੀ ਨੂੰ ਨਹੀਂ, ਸਗੋਂ ਉਸਦੇ ਸਾਈਕਲ 'ਤੇ ਜਾ ਵੱਜੀ। ਜਦੋਂ ਵਿਅਕਤੀ ਨੇ ਸਾਈਕਲ ਰੋਕਿਆ ਤਾਂ ਬੱਚੇ ਡਰ ਗਏ ਅਤੇ ਕਿਰਾਏ ਦੇ ਮਕਾਨ ਵਿੱਚ ਵੜ ਗਏ।

ਵਿਅਕਤੀ ਪੁੱਛ-ਪੜਤਾਲ ਕਰਦਾ ਉੱਥੇ ਪਹੁੰਚ ਗਿਆ। ਜਦੋਂ ਕੁੱਝ ਬੱਚਿਆਂ ਨੇ ਉਸ ਦੀ ਧੀ ਦਾ ਨਾਂ ਲਿਆ ਤਾਂ ਉਸ ਨੇ ਮਾਪਿਆਂ ਜਾਂ ਨੇੜਲੇ ਵਿਅਕਤੀਆਂ ਕੋਲ ਸ਼ਿਕਾਇਤ ਕਰਨ ਦੀ ਬਜਾਏ ਖ਼ੁਦ ਹੀ ਕੁੜੀ ਨੂੰ ਵਾਲਾਂ ਤੋਂ ਘੜੀਸ ਲਿਆ ਅਤੇ ਚੱਪਲਾਂ ਨਾਲ ਕੁੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਸਬੰਧੀ ਉਨ੍ਹਾਂ ਡੇਰਾਬੱਸੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਮਾਮਲੇ ਸਬੰਧੀ ਡੇਰਾਬੱਸੀ ਥਾਣੇ ਦੇ ਇੰਚਾਰਜ ਮਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਅਤੇ ਮਾਮਲੇ ਦੀ ਜਾਂਚ ਏ. ਐੱਸ. ਆਈ. ਪਾਲਚੰਦ ਨੂੰ ਸੌਂਪ ਦਿੱਤੀ ਗਈ ਹੈ। ਮਾਸੂਮ ਬੱਚੀ ਨੂੰ ਇਸ ਤਰ੍ਹਾਂ ਕੁੱਟਣਾ ਗਲਤ ਹੈ। ਜਾਂਚ ਤੋਂ ਬਾਅਦ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News