ਸਕੂਲ ਤੋਂ ਵਾਪਸ ਪਰਤਦਿਆਂ ਪੰਜਵੀਂ ਦਾ ਵਿਦਿਆਰਥੀ ਅਗਵਾ
Saturday, Jul 20, 2024 - 01:00 AM (IST)
ਬਿਜਨੌਰ : ਬਿਜਨੌਰ ਜ਼ਿਲ੍ਹੇ ਦੇ ਧਾਮਪੁਰ ਥਾਣਾ ਖੇਤਰ ਵਿਚ ਸ਼ੁੱਕਰਵਾਰ ਨੂੰ 5ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਸਕੂਲ ਤੋਂ ਵਾਪਸ ਆਉਂਦੇ ਸਮੇਂ ਅਗਵਾ ਕਰ ਲਿਆ ਗਿਆ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਮੁਤਾਬਕ 11 ਸਾਲਾ ਪੰਜਵੀਂ ਜਮਾਤ ਦਾ ਵਿਦਿਆਰਥੀ, ਜੋ ਸਕੂਲ ਤੋਂ ਵੈਨ 'ਚ ਪਿੰਡ ਪਰਤਿਆ ਸੀ, ਪਿੰਡ ਨੇੜੇ ਲਾਪਤਾ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਦੀਆਂ ਤਿੰਨ ਟੀਮਾਂ ਬੱਚੇ ਦੀ ਭਾਲ ਕਰ ਰਹੀਆਂ ਹਨ। ਬਿਜਨੌਰ ਦੇ ਐੱਸਪੀ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਧਾਮਪੁਰ ਥਾਣੇ ਨੂੰ ਸ਼ੁੱਕਰਵਾਰ ਨੂੰ ਸੂਚਨਾ ਮਿਲੀ ਸੀ ਕਿ ਮਿਮਲਾ ਪਿੰਡ ਦੇ ਆਸ਼ੂਤੋਸ਼ ਚੌਹਾਨ ਦਾ ਪੁੱਤਰ ਸ਼ਸ਼ਾਂਕ ਸ਼ਿਖਰ (11) ਸ਼ਿਸ਼ੂ ਸਦਨ ਸਕੂਲ ਦੇ ਤਿੰਨ ਹੋਰ ਬੱਚਿਆਂ ਦੇ ਨਾਲ ਦੁਪਹਿਰ ਕਰੀਬ 2.30 ਵਜੇ ਕਰਿਆਨੇ ਦੀ ਦੁਕਾਨ ਤੱਕ ਸਕੂਲ ਵੈਨ ਰਾਹੀਂ ਆਇਆ। ਵੈਨ ਚਾਲਕ ਇਸੇ ਥਾਂ ਬੱਚਿਆਂ ਨੂੰ ਉਤਾਰਦਾ ਹੈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਬਾਕੀ ਤਿੰਨ ਬੱਚੇ ਘਰ ਪਹੁੰਚ ਗਏ ਪਰ ਸ਼ਸ਼ਾਂਕ ਨਹੀਂ ਪਹੁੰਚਿਆ। ਪੁਲਸ ਨੂੰ ਪਿੰਡ ਦੇ ਇੱਕ ਡਰੇਨ ਦੇ ਕੋਲ ਸ਼ਸ਼ਾਂਕ ਦੀ ਜੁੱਤੀ ਮਿਲੀ ਹੈ। ਐੱਸਪੀ ਮੁਤਾਬਕ ਸ਼ਸ਼ਾਂਕ ਦੀ ਭਾਲ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ। ਆਸਪਾਸ ਦੇ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ।