ਜੰਮੂ-ਕਸ਼ਮੀਰ ਦੇ 99 ਫੀਸਦੀ ਖੇਤਰਾਂ ''ਚੋਂ ਪਾਬੰਦੀਆਂ ਖਤਮ

10/13/2019 12:50:10 AM

ਸ਼੍ਰੀਨਗਰ— ਪਾਕਿ ਦੇ ਨਾਪਾਕ ਇਰਾਦਿਆਂ 'ਤੇ ਸ਼ਨੀਵਾਰ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਜੰਮੂ-ਕਸ਼ਮੀਰ ਦੇ 99 ਫੀਸਦੀ ਇਲਾਕਿਆਂ ਵਿਚੋਂ ਪਾਬੰਦੀਆਂ ਨੂੰ ਹਟਾ ਲਿਆ ਗਿਆ। ਇਹ ਪਾਬੰਦੀਆਂ ਆਵਾਜਾਈ ਨਾਲ ਸਬੰਧਤ ਸਨ। ਹੁਣ ਕਿਸੇ ਤਰ੍ਹਾਂ ਦੀ ਆਵਾਜਾਈ 'ਤੇ ਕੋਈ ਰੋਕ-ਟੋਕ ਨਹੀਂ।
ਸੂਬਾ ਸਰਕਾਰ ਦੇ ਇਕ ਬੁਲਾਰੇ ਰੋਹਿਤ ਕਾਂਸਲ ਨੇ ਦੱਸਿਆ ਕਿ ਸੂਬੇ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਪਿੱਛੋਂ ਅਗਸਤ ਵਿਚ ਇਹ ਪਾਬੰਦੀਆਂ ਲਾਈਆਂ ਗਈਆਂ ਸਨ। ਉਦੋਂ ਦੇ ਹਾਲਾਤ ਮੁਤਾਬਕ ਪਾਬੰਦੀਆਂ ਨੂੰ ਲਾਇਆ ਜਾਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਹਿਰਾਸਤ ਵਿਚ ਲਏ ਗਏ ਆਗੂਆਂ ਅਤੇ ਹੋਰਨਾਂ ਦੀ ਰਿਹਾਈ ਬਾਰੇ ਸਮੀਖਿਆ ਕਰ ਰਹੀ ਹੈ।
ਰੋਹਿਤ ਨੇ ਕਿਹਾ ਕਿ 16 ਅਗਸਤ ਤੋਂ ਬਾਅਦ ਸੂਬੇ ਵਿਚੋਂ ਹੌਲੀ-ਹੌਲੀ ਕਰ ਕੇ ਵੱਖ-ਵੱਖ ਪਾਬੰਦੀਆਂ ਨੂੰ ਹਟਾਇਆ ਗਿਆ ਹੈ। ਸਤੰਬਰ ਦੇ ਪਹਿਲੇ ਹਫਤੇ ਤੱਕ ਵਧੇਰੇ ਪਾਬੰਦੀਆਂ ਹਟਾ ਲਈਆਂ ਗਈਆਂ ਸਨ। 8 ਤੋਂ 10 ਥਾਣਾ ਖੇਤਰਾਂ ਨੂੰ ਛੱਡ ਕੇ ਬਾਕੀ ਸਭ ਥਾਵਾਂ 'ਤੇ ਇਸ ਸਮੇਂ ਕੋਈ ਪਾਬੰਦੀ ਨਹੀਂ। ਸੂਬੇ ਦੇ 99 ਫੀਸਦੀ ਇਲਾਕਿਆਂ ਵਿਚ ਆਵਾਜਾਈ 'ਤੇ ਕੋਈ ਰੋਕ-ਟੋਕ ਨਹੀਂ।
ਓਧਰ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਲਗਾਤਾਰ 69ਵੇਂ ਦਿਨ ਸੂਬੇ ਵਿਚ ਆਮ ਜ਼ਿੰਦਗੀ ਪ੍ਰਭਾਵਿਤ ਰਹੀ। ਮੁੱਖ ਬਾਜ਼ਾਰ ਬੰਦ ਸਨ। ਸੜਕਾਂ 'ਤੇ ਮੋਟਰ ਗੱਡੀਆਂ ਦੀ ਆਵਾਜਾਈ ਨਹੀਂ ਸੀ।

ਭਲਕੇ ਪੋਸਟਪੇਡ ਮੋਬਾਇਲ ਸੇਵਾਵਾਂ ਹੋਣਗੀਆਂ ਬਹਾਲ
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ਨੀਵਾਰ ਐਲਾਨ ਕੀਤਾ ਕਿ ਸੋਮਵਾਰ ਤੋਂ ਪੂਰੇ ਸੂਬੇ ਵਿਚ ਪੋਸਟਪੇਡ ਮੋਬਾਇਲ ਫੋਨ ਸੇਵਾਵਾਂ ਬਹਾਲ ਹੋ ਜਾਣਗੀਆਂ। ਸੂਬਾ ਸਰਕਾਰ ਦੇ ਬੁਲਾਰੇ ਰੋਹਿਤ ਕਾਂਸਲ ਨੇ ਕਿਹਾ ਕਿ 14 ਅਕਤੂਬਰ ਨੂੰ ਦੁਪਹਿਰ 12 ਵਜੇ ਇਹ ਸੇਵਾਵਾਂ ਚਾਲੂ ਹੋ ਜਾਣਗੀਆਂ। ਪਹਿਲਾਂ ਇਹ ਸੇਵਾਵਾਂ ਸ਼ਨੀਵਾਰ ਹੀ ਬਹਾਲ ਕੀਤੀਆਂ ਜਾਣੀਆਂ ਸਨ ਪਰ ਕੁਝ ਤਕਨੀਕੀ ਸਮੱਸਿਆਵਾਂ ਆਉਣ ਕਾਰਣ ਬਹਾਲੀ ਸੋਮਵਾਰ 'ਤੇ ਪਾ ਦਿੱਤੀ ਗਈ। ਖਪਤਕਾਰਾਂ ਨੂੰ ਅਜੇ ਇੰਟਰਨੈੱਟ ਸੇਵਾਵਾਂ ਦੇ ਬਹਾਲ ਹੋਣ ਦੀ ਕੁਝ ਹੋਰ ਸਮਾਂ ਉਡੀਕ ਕਰਨੀ ਪਏਗੀ। ਪ੍ਰਸ਼ਾਸਨ ਵਲੋਂ ਮੋਬਾਇਲ ਫੋਨ ਸੇਵਾ ਬਹਾਲ ਹੋਣ ਪਿੱਛੋਂ ਹਾਲਾਤ ਦਾ ਜਾਇਜ਼ਾ ਲਿਆ ਜਾਏਗਾ। ਉਸ ਤੋਂ ਬਾਅਦ ਇੰਟਰਨੈੱਟ ਬਾਰੇ ਫੈਸਲਾ ਲਿਆ ਜਾਏਗਾ। ਮੋਬਾਇਲ ਫੋਨਾਂ ਦੇ ਬੰਦ ਹੋਣ ਕਾਰਣ ਜੰਮੂ-ਕਸ਼ਮੀਰ ਦੇ 70 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਲੋਕਾਂ ਵਲੋਂ ਇਸ ਲਈ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕੀਤੀ ਗਈ।
 


KamalJeet Singh

Content Editor

Related News