ਗਣਤੰਤਰ ਦਿਵਸ ਹਿੰਸਾ: ਮਿ੍ਰਤਕ ਨੌਜਵਾਨ ਨਵਰੀਤ ਦੇ ਪਰਿਵਾਰ ਨੇ ਕੀਤਾ ਹਾਈ ਕੋਰਟ ਦਾ ਰੁਖ਼
Wednesday, Feb 10, 2021 - 06:52 PM (IST)
ਨਵੀਂ ਦਿੱਲੀ— ਗਣਤੰਤਰ ਦਿਵਸ ਦੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਆਈ. ਟੀ. ਓ. ’ਤੇ ਟਰੈਕਟਰ ਪਲਟਣ ਕਾਰਨ ਮਰੇ 25 ਸਾਲਾ ਕਿਸਾਨ ਦੇ ਪਰਿਵਾਰ ਨੇ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ। ਮਿ੍ਰਤਕ ਨਵਰੀਤ ਸਿੰਘ ਦੇ ਪਰਿਵਾਰ ਨੇ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਅਦਾਲਤ ਦੀ ਨਿਗਰਾਨੀ ’ਚ ਘਟਨਾ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਜਾਂਚ ਕਰਾਉਣ ਦੀ ਬੇਨਤੀ ਕੀਤੀ। ਮਿ੍ਰਤਕ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਵਲੋਂ ਦਿੱਲੀ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵੀਰਵਾਰ ਨੂੰ ਸੁਣਵਾਈ ਲਈ ਸੂਚੀਬੱਧ ਹੋਣ ਦੀ ਉਮੀਦ ਹੈ। ਹਰਦੀਪ ਸਿੰਘ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਆਪਣੇ ਪੋਤੇ ਦੀ ਮੌਤ ਦੀ ਸਹੀ ਅਤੇ ਨਿਰਪੱਖ ਜਾਂਚ ਤੇ ਨਿਆਂ ਪਾਉਣ ਦੇ ਨਾਲ ਸੱਚਾਈ ਜਾਣਨ ਦਾ ਉਨ੍ਹਾਂ ਨੂੰ ਅਧਿਕਾਰ ਹੈ। ਪੁਲਸ ਮੁਤਾਬਕ ਨਵਰੀਤ ਦੀ ਮੌਤ ਟਰੈਕਟਰ ਪਲਟਣ ਦੀ ਵਜ੍ਹਾ ਕਰ ਕੇ ਹੋਈ, ਜੋ ਪਹਿਲਾਂ ਤੈਅ ਟਰੈਕਟਰ ਪਰੇਡ ਦੇ ਰਸਤੇ ਤੋਂ ਗਾਜ਼ੀਪੁਰ ਬਾਰਡਰ ਤੋਂ ਪ੍ਰਦਰਸ਼ਨ ਲਈ ਕਈ ਕਿਸਾਨਾਂ ਲਈ
ਉੱਥੇ ਪਹੁੰਚਿਆ ਸੀ। ਘਟਨਾ ਬਾਰੇ ਪੁਲਸ ਦਾ ਦਾਅਵਾ ਹੈ ਕਿ ਨਵਰੀਤ ਸਿੰਘ ਟਰੈਕਟਰ ਪਲਟਣ ਨਾਲ ਉਸ ਦੇ ਹੇਠਾਂ ਆ ਕੇ ਦੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਮੀਡੀਆ ਨੂੰ ਚਸ਼ਮਦੀਦਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਨਵਰੀਤ ਆਪਣਾ ਟਰੈਕਟਰ ਚੱਲਾ ਰਿਹਾ ਸੀ ਅਤੇ ਜਦੋਂ ਉਹ ਦਿੱਲੀ ਸਥਿਤ ਆਂਧਰਾ ਐਜੁਕੇਸ਼ਨ ਸੋਸਾਇਟੀ ਕੋਲੋ ਲੰਘਿਆ ਤਾਂ ਪੁਲਸ ਨੇ ਗੋਲੀ ਚਲਾਈ, ਜਿਸ ਕਾਰਨ ਉਸ ਨੇ ਕੰਟਰੋਲ ਗੁਆ ਦਿੱਤਾ ਅਤੇ ਉਸ ਦਾ ਟਰੈਕਟਰ ਕੁਝ ਬੈਰੀਕੇਡਜ਼ ਨਾਲ ਟਕਰਾ ਕੇ ਪਲਟ ਗਿਆ। ਨਵਰੀਤ ਦੇ ਦਾਦਾ ਹਰਦੀਪ ਨੇ ਬੇਨਤੀ ਕੀਤੀ ਹੈ ਕਿ ਅਦਾਲਤ ਵਲੋਂ ਨਿਯੁਕਤ ਅਤੇ ਨਿਗਰਾਨੀ ਵਾਲੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਮਾਮਲੇ ਦੀ ਜਾਂਚ ਕਰੇ, ਜਿਸ ’ਚ ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇ, ਜਿਨ੍ਹਾਂ ਦਾ ਬੇਦਾਗ ਕਰੀਅਰ ਰਿਹਾ ਹੋਵੇ ਅਤੇ ਜੋ ਈਮਾਨਦਾਰ ਹੋਣ। ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਐੱਸ. ਆਈ. ਟੀ. ਨੂੰ ਨਿਯਮਿਤ ਤੌਰ ’ਤੇ ਰਿਪੋਰਟ ਅਦਾਲਤ ਸਾਹਮਣੇ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਜਾਵੇ, ਤਾਂ ਕਿ ਸਮੇਂਬੱਧ ਤਰੀਕੇ ਨਾਲ ਅਦਾਲਤ ਦੀ ਨਿਗਰਾਨੀ ਵਿਚ ਜਾਂਚ ਪੂਰੀ ਹੋ ਸਕੇ।