ਟਵਿੱਟਰ, ਫੇਸਬੁੱਕ 'ਤੇ ਇਨ੍ਹਾਂ 'ਟੈਗਸ' ਨੂੰ ਲੈ ਕੇ ਸਰਕਾਰ ਦਾ ਸਖ਼ਤ ਹੁਕਮ ਜਾਰੀ
Saturday, May 22, 2021 - 08:56 AM (IST)
ਨਵੀਂ ਦਿੱਲੀ- ਸਰਕਾਰ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ, ਜਿਨ੍ਹਾਂ ਵਿਚ B.1.617 ਨੂੰ ਭਾਰਤੀ ਕੋਰੋਨਾ ਵਾਇਰਸ ਦਾ ਰੂਪ ਜਾਂ 'ਇੰਡੀਅਨ ਵੇਰੀਐਂਟ' ਕਿਹਾ ਜਾ ਰਿਹਾ ਹੈ।
ਸਰਕਾਰ ਨੇ ਕਿਹਾ ਕਿ ਆਨਲਾਈਨ ਇਹ ਝੂਠ ਪ੍ਰਸਾਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਸ਼ਵ ਭਰ ਦੇ ਦੇਸ਼ਾਂ ਵਿਚ ਭਾਰਤੀ ਕੋਰੋਨਾ ਵਾਇਰਸ ਫ਼ੈਲ ਰਿਹਾ ਹੈ, ਜੋ ਪੂਰੀ ਤਰ੍ਹਾਂ ਗਲ਼ਤ ਹੈ।
ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦਾ ਹਵਾਲਾ ਦਿੰਦੇ ਕਿਹਾ ਕਿ ਵਿਗਿਆਨਕ ਤੌਰ 'ਤੇ ਕੋਵਿਡ-19 ਦਾ ਅਜਿਹਾ ਕੋਈ ਰੂਪ ਨਹੀਂ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲਿਖਿਆ ਹੈ ਕਿ ਡਬਲਿਊ. ਐੱਚ. ਓ. ਨੇ ਆਪਣੀ ਕਿਸੇ ਵੀ ਰਿਪੋਰਟ ਵਿਚ B.1.617 ਨੂੰ 'ਇੰਡੀਅਨ ਵੇਰੀਐਂਟ' ਨਾਂ ਨਹੀਂ ਦਿੱਤਾ ਹੈ। ਕੁਝ ਰਿਪੋਰਟਾਂ ਵਿਚ ਬਿਨਾਂ ਤੱਥਾਂ ਦੇ ਇਸ ਨੂੰ ਇਹ ਨਾਂ ਦਿੱਤਾ ਜਾ ਰਿਹਾ ਹੈ।
ਇਕ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਝੂਠ ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉੱਥੇ ਹੀ, ਇਕ ਸੋਸ਼ਲ ਮੀਡੀਆ ਅਧਿਕਾਰੀ ਨੇ ਰਾਇਟਰ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਸਾਰੀ ਸਮੱਗਰੀ ਨੂੰ ਹਟਾਉਣਾ ਮੁਸ਼ਕਲ ਹੋਵੇਗਾ ਕਿਉਂਕਿ ਅਜਿਹੀਆਂ ਹਜ਼ਾਰਾਂ ਪੋਸਟਾਂ ਹੋਣਗੀਆਂ। ਉਨ੍ਹਾਂ ਇਹ ਵੀ ਚਿੰਤਾ ਜਤਾਈ ਕਿ ਇਸ ਨਾਲ 'ਸ਼ਬਦ' ਆਧਾਰਿਤ ਸੈਂਸਰਸ਼ਿਪ ਵਧੇਗੀ। ਗੌਰਤਲਬ ਹੈ ਕਿ ਕੋਵੀਡ-19 ਦੇ ਮਾਮਲਿਆਂ ਵਿਚ ਭਾਰਤ ਦੁਨੀਆ ਵਿਚ ਦੂਜੇ ਨੰਬਰ 'ਤੇ ਹੈ ਅਤੇ ਰੋਜ਼ਾਨਾ 2,50,000 ਮਰੀਜ਼ ਅਤੇ ਲਗਭਗ 4,000 ਮੌਤਾਂ ਦਰਜ ਹੋ ਰਹੀਆਂ ਹਨ।