ਪਛਤਾਵਾ ਹੈ ਕਿ ਮੇਰੀ ਪਾਰਟੀ ਨੇ ਪੰਚਾਇਤ ਚੋਣਾਂ ਨਹੀਂ ਲੜੀਆਂ : ਫਾਰੂਕ ਅਬਦੁੱਲਾ

Tuesday, Aug 31, 2021 - 05:55 PM (IST)

ਪਛਤਾਵਾ ਹੈ ਕਿ ਮੇਰੀ ਪਾਰਟੀ ਨੇ ਪੰਚਾਇਤ ਚੋਣਾਂ ਨਹੀਂ ਲੜੀਆਂ : ਫਾਰੂਕ ਅਬਦੁੱਲਾ

ਸ਼੍ਰੀਨਗਰ- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਜੰਮੂ ਕਸ਼ਮੀਰ ’ਚ 2018 ’ਚ ਹੋਈਆਂ ਚੋਣਾਂ ਦਾ ਬਾਈਕਾਟ ਕੀਤਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਪਾਰਟੀ ਜੰਮੂ ਕਸ਼ਮੀਰ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤੇਗੀ। ਨੈਸ਼ਨਲ ਕਾਨਫਰੰਸ (ਨੇਕਾਂ) ਨੇ ਸਤੰਬਰ 2018 ’ਚ ਪੰਚਾਇਤ ਚੋਣਾਂ ਨਹੀਂ ਲੜੀਆਂ ਸਨ ਅਤੇ 2019 ’ਚ ਬਲਾਕ ਵਿਕਾਸ ਪ੍ਰੀਸ਼ਦ (ਬੀ.ਡੀ.ਸੀ.) ਦੀਆਂ ਚੋਣਾਂ ਦਾ ਬਾਈਕਾਟ ਕੀਤਾ ਸੀ। ਪੰਚਾਇਤ ਰਾਜ ਸੰਸਥਾਵਾਂ (ਪੀ.ਆਰ.ਆਈ.) ਨੂੰ ਮਜ਼ਬੂਤ ਕਰਨ ਲਈ ਆਯੋਜਿਤ ਸੰਸਦੀ ਸੰਪਰਕ ਪ੍ਰੋਗਰਾਮ ਦੌਰਾਨ ਮੰਗਲਵਾਰ ਨੂੰ ਫਾਰੂਕ ਅਬਦੁੱਲਾ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਜੰਮੂ ਕਸ਼ਮੀਰ ’ਚ ਜਲਦ ਇਕ ਸਰਕਾਰ ਬਣੇਗੀ, ਜਿਸ ’ਚ ਅਧਿਕਾਰੀ, ਜਨਤਾ ਦੇ ਪ੍ਰਤੀ ਜਵਾਬਦੇਹ ਹੋਣਗੇ। ਉਨ੍ਹਾਂ ਨੇ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ,‘‘ਅਸੀਂ ਜਿੱਤਾਂਗੇ ਅਤੇ ਮੈਂ ਤੁਹਾਨੂੰ ਇਹ ਅਧਿਕਾਰ ਨਾਲ ਦੱਸ ਰਿਹਾ ਹਾਂ ਕਿ ਜੇਕਰ ਉਹ ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਉਂਦੇ ਹਨ ਤਾਂ ਨੈਸ਼ਨਲ ਕਾਨਫਰੰਸ ਇੱਥੇ ਸਭ ਤੋਂ ਵੱਡੀ ਪਾਰਟੀ ਹੋਵੇਗੀ।’’ 

ਫਾਰੂਕ ਅਬਦੁੱਲਾ ਦੇ ਸੰਬੋਧਨ ਦੇ ਸਮੇਂ ਮੰਚ ’ਤੇ ਉੱਪ ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਸਨ। ਉਨ੍ਹਾਂ ਕਿਹਾ,‘‘ਦੇਸ਼ ਨਾਲ ਖੜ੍ਹੇ ਰਾਜਨੇਤਾ, ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹਨ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਦੇਸ਼ ਦਾ ਕਰਤੱਵ ਹੈ।’’ ਸਤੰਬਰ 2018 ’ਚ ਹੋਈਆਂ ਪੰਚਾਇਤ ਚੋਣਾਂ ਅਤੇ 2019 ’ਚ ਹੋਈਆਂ ਬੀ.ਡੀ.ਸੀ. ਚੋਣਾਂ ਨਹੀਂ ਲੜਨ ਬਾਰੇ ਨੈਸ਼ਨਲ ਕਾਨਫਰੰਸ ਦੇ ਨੇਤਾ ਨੇ ਕਿਹਾ,‘‘ਉਹ ਫ਼ੋਨ ਨਹੀਂ ਚੁੱਕਦੇ ਜਿਵੇਂ ਉਨ੍ਹਾਂ ਦੇ ਉੱਪਰ ਕੋਈ ਭੂਤ ਮੰਡਰਾ ਰਿਹਾ ਹੋਵੇ।’’ ਉਨ੍ਹਾਂ ਸਿਨਹਾ ਨੂੰ ਅਪੀਲ ਕੀਤੀ ਕਿ ਉਹ ਅਧਿਕਾਰੀਆਂ ਨੂੰ ਲੋਕਾਂ ਦੇ ਫ਼ੋਨ ਕਾਲ ਦਾ ਜਵਾਬ ਦੇਣ ਦਾ ਆਦੇਸ਼ ਦੇਣ। ਉਨ੍ਹਾਂ ਕਿਹਾ,‘‘ਜਲਦ ਹੀ ਜੰਮੂ ਕਸ਼ਮੀਰ ’ਚ ਇਕ ਸਰਕਾਰ ਦਾ ਗਠਨ ਹੋਵੇਗਾ, ਜਿਸ ਦੇ ਕਾਰਜਕਾਲ ’ਚ ਸਰਕਾਰੀ ਅਧਿਕਾਰੀ, ਜਨਤਾ ਦੇ ਪ੍ਰਤੀ ਜਵਾਬਦੇਹ ਹੋਣਗੇ।’’ ਇਸ ਪ੍ਰੋਗਰਾਮ ’ਚ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਅਤੇ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਦੇਵੀ ਵੀ ਮੌਜੂਦ ਸੀ।


author

DIsha

Content Editor

Related News