ਮਹਾਰਾਸ਼ਟਰ ਦੇ ਇਕ ਫਾਰਮ ਹਾਊਸ ਤੋਂ 12 ਕਰੋੜ ਰੁਪਏ ਦੀ ਲਾਲ ਚੰਦਨ ਦੀ ਲੱਕੜ ਬਰਾਮਦ
Sunday, Sep 21, 2025 - 09:51 PM (IST)

ਪਾਲਘਰ (ਭਾਸ਼ਾ)-ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੇ ਇਕ ਫਾਰਮ ਹਾਊਸ ਤੋਂ ਲਗਭਗ 12 ਕਰੋੜ ਰੁਪਏ ਦੀ ਲਾਲ ਚੰਦਨ ਦੀ ਲੱਕੜ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਐਤਵਾਰ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲੱਕੜ ਕੁਝ ਦੱਖਣੀ ਸੂਬਿਅਾਂ ਤੋਂ ਮਹਾਰਾਸ਼ਟਰ ’ਚ ਸਮੱਗਲ ਕਰ ਕੇ ਲਿਆਂਦੀ ਗਈ ਸੀ। ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਪਾਲਘਰ ਦੇ ਦਹਿਸਰ ਜੰਗਲ ਖੇਤਰ ਦੇ ਸਖਾਰੇ ਪਿੰਡ ’ਚ ਇਕ ਉੱਜੜੇ ਫਾਰਮ ਹਾਊਸ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਟੀਮ ਨੇ ਇਮਾਰਤ ਦੇ ਅੰਦਰ ਲੁਕਾ ਕੇ ਰੱਖੇ ਹੋਏ ਲਾਲ ਚੰਦਨ ਦੇ ਲਗਭਗ 200 ਬੰਡਲ ਬਰਾਮਦ ਕੀਤੇ।
ਪਿਛਲੇ ਕੁਝ ਸਾਲਾਂ ਦੌਰਾਨ ਪਾਲਘਰ ’ਚ ਇਹ ਅਾਪਣੀ ਕਿਸਮ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਸੀਨੀਅਰ ਜੰਗਲਾਤ ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੀ ਗਈ ਲੱਕੜ ਜੰਗਲਾਤ ਐਕਟ ਅਧੀਨ ਸੁਰੱਖਿਅਤ ਹੈ ਤੇ ਇਸ ਦੀ ਸਮੱਗਲਿੰਗ ਦੀ ਮਨਾਹੀ ਹੈ।