ਕ੍ਰਿਸ਼ਨ ਜਨਮਭੂਮੀ–ਸ਼ਾਹੀ ਈਦਗਾਹ ਮਸਜਿਦ ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ ਨੂੰ

Friday, Feb 20, 2026 - 11:02 PM (IST)

ਕ੍ਰਿਸ਼ਨ ਜਨਮਭੂਮੀ–ਸ਼ਾਹੀ ਈਦਗਾਹ ਮਸਜਿਦ ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ ਨੂੰ

ਪ੍ਰਯਾਗਰਾਜ, (ਭਾਸ਼ਾ)– ਇਲਾਹਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਮਥੁਰਾ ’ਚ ਕ੍ਰਿਸ਼ਨ ਜਨਮਭੂਮੀ ਅਤੇ ਸ਼ਾਹੀ ਈਦਗਾਹ ਮਸਜਿਦ ਵਿਵਾਦ ਵਿਚ ਮੁਸਲਿਮ ਧਿਰ ਵੱਲੋਂ ਦਾਇਰ ਸੋਧ ਪਟੀਸ਼ਨ ’ਤੇ ਅਗਲੀ ਸੁਣਵਾਈ ਦੀ ਤਰੀਕ 12 ਮਾਰਚ ਤੈਅ ਕੀਤੀ ਹੈ। ਮੁਗਲ ਸਮਰਾਟ ਔਰੰਗਜ਼ੇਬ ਦੇ ਸਮੇਂ ਬਣਾਈ ਗਈ ਸ਼ਾਹੀ ਈਦਗਾਹ ਮਸਜਿਦ ਨੂੰ ਲੈ ਕੇ ਇਹ ਵਿਵਾਦ ਚੱਲ ਰਿਹਾ ਹੈ। ਹਿੰਦੂਆਂ ਦੇ ਇਕ ਵਰਗ ਦਾ ਦਾਅਵਾ ਹੈ ਕਿ ਇਹ ਮਸਜਿਦ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ’ਤੇ ਮੌਜੂਦ ਮੰਦਰ ਨੂੰ ਢਾਹ ਕੇ ਬਣਾਈ ਗਈ ਸੀ।

ਸੁਣਵਾਈ ਦੌਰਾਨ ਮੁਸਲਿਮ ਧਿਰ ਦੀ ਵਕੀਲ ਤਸਨੀਮ ਅਹਿਮਦੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਾਇਰ ਸੋਧ ਪਟੀਸ਼ਨ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਪਰ ਅਦਾਲਤ ਦੇ ਰਿਕਾਰਡ ਵਿਚ ਅਜਿਹਾ ਕੋਈ ਹੁਕਮ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅਗਲੀ ਸੁਣਵਾਈ ਲਈ ਸਮਾਂ ਦੇਣ ਦੀ ਬੇਨਤੀ ਕੀਤੀ।

ਜਸਟਿਸ ਅਵਨੀਸ਼ ਸਕਸੈਨਾ ਨੇ ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ ਤੈਅ ਕੀਤੀ ਹੈ। ਇਹ ਵਿਵਾਦ ਸ਼ਾਹੀ ਈਦਗਾਹ ਮਸਜਿਦ ਹਟਾਏ ਜਾਣ ਤੋਂ ਬਾਅਦ ਜ਼ਮੀਨ ’ਤੇ ਕਬਜ਼ੇ ਅਤੇ ਮੰਦਰ ਦੇ ਪੁਨਰ ਨਿਰਮਾਣ ਲਈ ਹਿੰਦੂ ਧਿਰ ਵੱਲੋਂ ਦਾਇਰ 18 ਮੁਕੱਦਮਿਆਂ ਨਾਲ ਜੁੜਿਆ ਹੈ।

ਹਾਈ ਕੋਰਟ ਨੇ 1 ਅਗਸਤ, 2024 ਨੂੰ ਮੁਸਲਿਮ ਧਿਰ ਦੀਆਂ ਉਨ੍ਹਾਂ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਸੀ, ਜਿਨ੍ਹਾਂ ਵਿਚ ਹਿੰਦੂ ਸ਼ਰਧਾਲੂਆਂ ਦੇ ਮੁਕੱਦਮਿਆਂ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਸੀ ਕਿ ਇਹ ਮੁਕੱਦਮੇ ‘ਲਿਮੀਟੇਸ਼ਨ ਐਕਟ’, ‘ਵਕਫ਼ ਐਕਟ’ ਅਤੇ ‘ਪੂਜਾ ਸਥਾਨ ਐਕਟ, 1991’ ਦੇ ਤਹਿਤ ਵਰਜਿਤ ਨਹੀਂ ਹਨ। ਇਹ ਐਕਟ 15 ਅਗਸਤ, 1947 ਨੂੰ ਮੌਜੂਦ ਕਿਸੇ ਵੀ ਧਾਰਮਿਕ ਢਾਂਚੇ ਦੇ ਪਰਿਵਰਤਨ ’ਤੇ ਰੋਕ ਲਗਾਉਂਦਾ ਹੈ।


author

Rakesh

Content Editor

Related News