ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

Thursday, Feb 04, 2021 - 08:53 PM (IST)

ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਕਿਸਾਨ ਅੰਦੋਲਨ ਨੂੰ ਕੌਮਾਂਤਰੀ ਹਸਤੀਆਂ ਦੇ ਸਮਰਥਨ ਮਿਲਣ ’ਤੇ ਜਾਣੋ ਕੀ ਬੋਲੇ ਰਾਕੇਸ਼ ਟਿਕੈਤ

ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਹੱਕਾਂ ਲਈ ਬਾਰਡਰਾਂ ’ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਦੀ ਗੂੰਜ ਵਿਦੇਸ਼ ਤੱਕ ਜਾ ਪੁੱਜੀ ਹੈ। ਕਈ ਕੌਮਾਂਤਰੀ ਹਸਤੀਆਂ ਕਿਸਾਨ ਅੰਦੋਨਲ ਦਾ ਮੁੱਦਾ ਉੱਠਾ ਚੁੱਕੀਆਂ ਹਨ। ਸਾਰਿਆਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਇਕ ਪਾਸੇ ਜਿੱਥੇ ਕੌਮਾਂਤਰੀ ਹਸਤੀਆਂ ਵਲੋਂ ਕਿਸਾਨ ਅੰਦੋਲਨ ’ਤੇ ਬਿਆਨ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ, ਉੱਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਇਨ੍ਹਾਂ ਹਸਤੀਆਂ ਨੂੰ ਉਹ ਨਹੀਂ ਜਾਣਦੇ, ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਲੋਕ ਕੌਣ ਹਨ। ਜੇਕਰ ਉਹ ਸਮਰਥਨ ਕਰ ਰਹੇ ਹਨ, ਤਾਂ ਠੀਕ ਹੈ। 

ਦਿੱਲੀ ਪੁਲਸ ਦੀ ਗ੍ਰੇਟਾ ਥਨਬਰਗ 'ਤੇ ਕਾਰਵਾਈ, ਦਰਜ ਕੀਤੀ FIR

ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਰੀਬ ਢਾਈ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ।ਇਸ ਅੰਦੋਲਨ 'ਤੇ ਵਿਦੇਸ਼ੀ ਹਸਤੀਆਂ ਨੇ ਵੀ ਟਿੱਪਣੀ ਕੀਤੀ ਹੈ। ਇਸ ਦੌਰਾਨ ਸਵੀਡਨ ਦੀ ਰਹਿਣ ਵਾਲੀ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਦੇ ਭੜਕਾਊ ਟਵੀਟ ਨੂੰ ਲੈ ਕੇ ਦਿੱਲੀ ਪੁਲਸ ਨੇ ਉਹਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗ੍ਰੇਟਾ ਥਨਬਰਗ ਦੇ ਖ਼ਿਲਾਫ਼ ਧਾਰਾ-153ਏ, 120ਬੀ ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਸੰਬੰਧੀ ਦਿੱਲੀ ਪੁਲਸ ਪ੍ਰੈੱਸ ਕਾਨਫਰੰਸ ਵੀ ਕਰ ਸਕਦੀ ਹੈ।

ਗਰੁੱਪ ਡਿਸਕਸ਼ਨ ਤੋਂ ਬਾਅਦ ਕਿਸਾਨਾਂ ਲਈ ਨਵਜੋਤ ਸਿੰਘ ਸਿੱਧੂ ਨੇ ਫਿਰ ਕਹੀ ਵੱਡੀ ਗੱਲ

ਸੋਸ਼ਲ ਮੀਡੀਆ ’ਤੇ ਬੇਹੱਦ ਐਕਟਿਵ ਰਹਿਣ ਵਾਲੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਸ਼ਾਮ ਨੂੰ ਇਕ ਗਰੁੱਪ ਡਿਸਕਸ਼ਨ ਕੀਤੀ। ਇਸ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੁੱਧੀਜੀਵੀਆਂ ਨਾਲ ਗੱਲਬਾਤ ਮਹੀਨਿਆਂ ਦੀ ਸਿੱਖਿਆ ਦੇ ਬਰਾਬਰ ਹੈ। ਪਤਵੰਤੇ ਸੱਜਣ ਇਸ ਮੰਚ ’ਤੇ ਪਹੁੰਚੇ ਹਨ, ਉਹ ਮੇਰੇ ਲਈ ਸੰਸਥਾਵਾਂ ਦੇ ਬਰਾਬਰ ਹਨ। ਜਦੋਂ ਮੈਂ ਛੋਟਾ ਸੀ ਤਾਂ ਬਜ਼ੁਰਗ ਕਹਿੰਦੇ ਸਨ ਕਿ ਸਿਆਣੇ ਬੰਦੇ ਨਾਲ ਗੱਲਬਾਤ ਲੰਬੀ ਸਮਾਂ ਅਨੁਭਵ ਨਾਲ ਸਿੱਖੀ ਸਿੱਖਿਆ ਦੇ ਬਰਾਬਰ ਹੈ। ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਫਖ਼ਰ ਮਹਿਸੂਸ ਕਰ ਰਿਹਾ ਹਾਂ। ਜਿਵੇਂ ਮਿੱਟੀ ਦਾ ਢੇਲਾ ਗੁਲਾਬਾਂ ਦੀ ਕਿਆਰੀ ਵਿਚ ਆ ਗਿਆ ਹੋਵੇ।

ਵਿਵਾਦ ਤੋਂ ਬਾਅਦ ਦਿੱਲੀ ਪੁਲਸ ਨੇ ਗਾਜ਼ੀਪੁਰ ਸਰਹੱਦ 'ਤੇ ਕਿਸਾਨਾਂ ਲਈ ਲਾਈਆਂ ਮੇਖਾਂ ਹਟਾਈਆਂ

ਖੇਤੀ ਕਾਨੂੰਨ ਵਿਰੁੱਧ ਕਿਸਾਨਾਂ ਦਾ ਅੰਦੋਲਨ 71ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਪ੍ਰਸ਼ਾਸਨ ਵਲੋਂ ਗਾਜ਼ੀਪੁਰ ਸਰਹੱਦ 'ਤੇ ਬੈਰੀਕੇਡਿੰਗ ਦੇ ਨਾਲ ਹੀ ਮੇਖਾਂ ਵੀ ਲਗਾਈਆਂ ਗਈਆਂ ਸਨ। ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਦਿੱਲੀ ਪੁਲਸ ਦੇ ਇਸ ਕਦਮ ਦੀ ਆਲੋਚਨਾ ਹੋ ਰਹੀ ਸੀ। ਆਲੋਚਨਾ ਅਤੇ ਵਿਵਾਦ ਤੋਂ ਬਾਅਦ ਆਖ਼ਰਕਾਰ ਸੜਕ 'ਤੇ ਲਾਈਆਂ ਗਈਆਂ ਲੋਹੇ ਦੀਆਂ ਮੇਖਾਂ ਕੱਢਵਾ ਦਿੱਤੀਆਂ ਗਈਆਂ ਹਨ। 

ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਪੁੱਜਾ ਵਿਰੋਧੀ ਧਿਰ ਦੇ ਨੇਤਾਵਾਂ ਦਾ ਦਲ, ਪੁਲਸ ਨੇ ਰੋਕਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਅੱਜ ਯਾਨੀ ਕਿ ਵੀਰਵਾਰ ਨੂੰ 71ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਇਕ ਪਾਸੇ ਜਿੱਥੇ ਕਿਸਾਨਾਂ ਦਾ ਮੁੱਦਾ ਸਦਨ ਦੇ ਦੋ ਦੋਹਾਂ ਸਦਨਾਂ ਵਿਚ ਚੁੱਕਿਆ ਜਾ ਰਿਹਾ ਹੈ,  ਉੱਥੇ ਹੀ ਅੱਜ 10 ਵਿਰੋਧੀ ਧਿਰ ਦੇ 15 ਨੇਤਾਵਾਂ ਦਾ ਇਕ ਦਲ ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਪਹੁੰਚਿਆ।ਇਨ੍ਹਾਂ ਨੂੰ ਪੁਲਸ ਨੇ ਬੈਰੀਕੇਡ ਕੋਲ ਹੀ ਰੋਕ ਦਿੱਤਾ। ਵਿਰੋਧੀ ਧਿਰ ਕਿਸਾਨਾਂ ਨੂੰ ਮਿਲਣ ਦੀ ਮੰਗ ’ਤੇ ਅੜਿਆ ਰਿਹਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News