ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

Tuesday, Feb 23, 2021 - 08:47 PM (IST)

ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਲੱਖਾ ਸਿਧਾਣਾ ਦੇ ਹੱਕ ’ਚ ਉਮੜ ਪਏ ਪੰਜਾਬੀ, ਮਹਿਰਾਜ ਰੋਸ ਰੈਲੀ ’ਚ ਭਾਰੀ ਇਕੱਠ
ਖੇਤੀ ਕਾਨੂੰਨਾਂ ਦੇ ਵਿਰੋਧ ਦਰਮਿਆਨ ਚੱਲੇ ਕਿਸਾਨ ਅੰਦੋਲਨ ਤਹਿਤ ਦਿੱਲੀ ਪੁਲਸ ਵੱਲੋਂ ਲੱਖਾਂ ਸਿਧਾਣਾ, ਦੀਪ ਸਿੱਧੂ ਅਤੇ ਹੋਰਨਾਂ ਕਿਸਾਨਾਂ ਤੇ ਦਰਜ ਕੇਸ ਰੱਦ ਕਰਵਾਉਣ ਤੇ ਉਨ੍ਹਾਂ ਦੀ ਰਿਹਾਈ ਲਈ ਮਹਿਰਾਜ ’ਚ ਲੱਖਾ ਸਿਧਾਣਾਂ ਵੱਲੋਂ ਰੱਖੀ ਰੋਸ ਰੈਲੀ ’ਚ ਵੱਡੀ ਗਿਣਤੀ ਪੰਜਾਬੀਆਂ ਨੇ ਸ਼ਿਰਕਤ ਕੀਤੀ। ਵੱਡੀ ਗਿਣਤੀ ’ਚ ਲੋਕਾਂ ਦੇ ਪਹੁੰਚਣ ਕਾਰਨ ਇਲਾਕੇ ਦੀਆਂ ਨਜ਼ਦੀਕੀ ਸੜਕਾਂ ਤੇ ਜਾਮ ਲੱਗੇ ਰਹੇ। ਰੋਸ ਰੈਲੀ ’ਚ ਵੱਡੀ ਸੰਖਿਆ ’ਚ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਗਿ੍ਰਫ਼ਤਾਰ ਅਤੇ ਨਾਮਜ਼ਦ ਕੀਤੇ ਨੌਜਵਾਨਾਂ ਅਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ।

ਭਾਰੀ ਇਕੱਠ ਦੌਰਾਨ ਮਹਿਰਾਜ ਰੈਲੀ 'ਚ ਪਹੁੰਚੇ ਲੱਖਾ ਸਿਧਾਣਾ
26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਵਿਵਾਦਾਂ ਵਿਚ ਆਏ ਅਤੇ ਦਿੱਲੀ ਪੁਲਸ ਵਲੋਂ ਲੋੜੀਂਦੇ ਲੱਖਾ ਸਿਧਾਣਾ ਨੇ ਬਠਿੰਡਾ ਦੇ ਮਹਿਰਾਜ ਵਿਚ ਸੱਦੀ ਰੈਲੀ ਵਿਚ ਸ਼ਿਰਕਤ ਕੀਤੀ ਹੈ। ਜਾਣਕਾਰੀ ਮੁਤਾਬਕ ਲੱਖਾ ਸਿਧਾਣਾ ਦੀ ਕਾਲ ’ਤੇ ਬਠਿੰਡਾ ਦੇ ਮਹਿਰਾਜ ਪਿੰਡ ’ਚ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ’ਚ ਵੱਡੀ ਗਿਣਤੀ ’ਚ ਔਰਤਾਂ ਤੋਂ ਇਲਾਵਾ ਨੌਜਵਾਨਾਂ ਤੇ ਕਿਸਾਨਾਂ ਨੇ ਸ਼ਿਰਕਤ ਕੀਤੀ। ਦੱਸ ਦੇਈਏ ਕਿ ਲੱਖਾ ਸਿਧਾਣਾ ਦੇ ਬਠਿੰਡਾ ਰੈਲੀ ’ਚ ਪਹੁੰਚਣ ’ਤੇ ਦਿੱਲੀ ਪੁਲਸ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ। 

ਜਾਣੋ ਕੌਣ ਨੇ 'ਪਗੜੀ ਸੰਭਾਲ ਜੱਟਾ' ਲਹਿਰ ਦੇ ਆਗੂ ਅਜੀਤ ਸਿੰਘ
ਸੰਯੁਕਤ ਕਿਸਾਨ ਮੋਰਚਾ ਅੱਜ ਜਾਨੀ ਕਿ 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਤੇ ਪਗੜੀ ਸੰਭਾਲ ਲਹਿਰ ਦੇ ਬਾਨੀ ਆਗੂ ਸਰਦਾਰ ਅਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ 'ਪਗੜੀ ਸੰਭਾਲ ਦਿਹਾੜਾ' ਮਨਾ ਰਿਹਾ ਹੈ। ਅਜੀਤ ਸਿੰਘ ਦਾ ਜਨਮ 23 ਫਰਵਰੀ, 1881 ਨੂੰ ਜ਼ਿਲ੍ਹਾ ਜਲੰਧਰ ਦੇ ਖਟਕੜ ਕਲਾਂ ਪਿੰਡ ਵਿੱਚ ਹੋਇਆ ਸੀ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਉਨ੍ਹਾਂ ਦੇ ਵੱਡੇ ਭਰਾ ਅਤੇ ਸਵਰਨ ਸਿੰਘ ਛੋਟੇ ਭਰਾ ਸਨ।ਪਿਤਾ ਅਰਜਨ ਸਿੰਘ ਉਨ੍ਹਾਂ ਦਿਨਾਂ ਵਿੱਚ ਆਜ਼ਾਦੀ ਸੰਗਰਾਮ ਦੀ ਵਾਹਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ,ਇਸ ਕਰਕੇ ਤਿੰਨੋਂ ਭਰਾ ਵੀ ਉਸ ਨਾਲ ਜੁੜੇ ਹੋਏ ਸਨ।

ਕਿਸਾਨੀ ਘੋਲ: ਦਿੱਲੀ ਪੁਲਸ ਨੇ ਟਿਕਰੀ ਬਾਰਡਰ ਖ਼ਾਲੀ ਕਰਨ ਦੇ ਲਾਏ ਨੋਟਿਸ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਦਿੱਲੀ ਦੇ ਗਾਜ਼ੀਪੁਰ, ਟਿਕਰੀ ਅਤੇ ਸਿੰਘੂ ਬਾਰਡਰ ’ਤੇ ਧਰਨਾ ’ਤੇ ਬੈਠੇ ਹਨ। ਕਿਸਾਨਾਂ ਵਲੋਂ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਬਣਾਇਆ ਜਾਵੇ। ਇਕ ਪਾਸੇ ਜਿੱਥੇ ਖੇਤੀਬਾੜੀ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਸਾਹਮਣੇ ਆਇਆ ਸੀ ਕਿ ਭੀੜ ਇਕੱਠੀ ਕਰਨ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਰੱਦ ਹੋ ਜਾਣਗੇ।

ਟੂਲਕਿੱਟ ਕੇਸ: ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ
ਕਿਸਾਨ ਅੰਦੋਲਨ ਦੇ ਸਮਰਥਨ ਨੂੰ ਲੈ ਕੇ ਤਿਆਰ ਕੀਤੇ ਗਏ ‘ਟੂਲਕਿੱਟ’ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੇ ਮਾਮਲੇ ਵਿਚ ਗਿ੍ਰਫ਼ਤਾਰ 22 ਸਾਲਾ ਪੌਣ-ਪਾਣੀ ਕਾਰਕੁਨ ਦਿਸ਼ਾ ਰਵੀ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਪੁਲਸ ਨੇ ਪਟਿਆਲਾ ਹਾਊਸ ਕੋਰਟ ’ਚ ਉਸ ਨੂੰ ਪੇਸ਼ ਕੀਤਾ ਸੀ। ਜਸਟਿਸ ਧਰਮਿੰਦਰ ਰਾਣਾ ਨੇ ਦਿਸ਼ਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਜਸਟਿਸ ਨੇ ਦਿਸ਼ਾ ਨੂੰ ਇਕ ਲੱਖ ਰੁਪਏ ਦੇ ਨਿੱਜੀ ਮੁਚਲਕੇ ’ਤੇ ਜ਼ਮਾਨਤ ਦਿੱਤੀ ਹੈ। ਹਾਲਾਂਕਿ ਕੋਰਟ ਦੇ ਫ਼ੈਸਲੇ ’ਤੇ ਦਿਸ਼ਾ ਦੇ ਵਕੀਲ ਨੇ ਕਿਹਾ ਕਿ ਇੰਨੀ ਵੱਡੀ ਰਾਸ਼ੀ ਪਰਿਵਾਰ ਚੁੱਕਣ ’ਚ ਸਮਰੱਥ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News