ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
Monday, Feb 01, 2021 - 09:06 PM (IST)
ਕਿਸਾਨ ਆਗੂ 6 ਫਰਵਰੀ ਨੂੰ ਪੂਰੇ ਦੇਸ਼ 'ਚ ਕਰਨਗੇ ਚੱਕਾ ਜਾਮ
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 68 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਹਨ। ਕਿਸਾਨ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ 'ਤੇ ਅੜੇ ਹੋਏ ਹਨ। ਅੱਜ ਕਿਸਾਨਾਂ ਨੇ ਪ੍ਰੈੱਸ ਕਾਨਫੰਰਸ ਕਰਦਿਆਂ ਕੇਂਦਰ ਸਰਕਾਰ ਤੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ।
ਕਿਸਾਨੀ ਘੋਲ: ਨੀਤੀਆਂ ਬਣਾਉਂਦੇ ਸਮੇਂ ਇਤਿਹਾਸ ਜ਼ਰੂਰ ਪੜ੍ਹੇ ਸਰਕਾਰ
26 ਜਨਵਰੀ ਨੂੰ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਕਿਸਾਨਾਂ ਦਾ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਇਕ ਵਾਰ ਕਮਜ਼ੋਰ ਹੋ ਗਿਆ ਲੱਗਦਾ ਸੀ ਪਰ ਹੁਣ ਫਿਰ ਕਿਸਾਨ ਲਹਿਰ ਮਜ਼ਬੂਤ ਨਜ਼ਰ ਆ ਰਹੀ ਹੈ। ਕਿਸਾਨਾਂ ਦੇ ਕਾਫ਼ਲੇ ਫਿਰ ਤੋਂ ਦਿੱਲੀ ਸਰਹੱਦ 'ਤੇ ਪਹੁੰਚ ਰਹੇ ਹਨ। ਹੁਣ ਕਿਸਾਨ ਅੰਦੋਲਨ ਦਾ ਕੇਂਦਰ ਪੱਛਮੀ ਉੱਤਰ ਪ੍ਰਦੇਸ਼ ਬਣ ਗਿਆ ਹੈ। ਪਹਿਲੇ ਅੰਦੋਲਨ ਦਾ ਕੇਂਦਰ ਪੰਜਾਬ ਅਤੇ ਹਰਿਆਣਾ ਸੀ।
ਕਿਸਾਨੀ ਘੋਲ: ਕਿਸਾਨਾਂ ਨੂੰ ਰੋਕਣ ਲਈ ਸਿੰਘੂ ਬਾਰਡਰ ’ਤੇ ਸੀਮੈਂਟ ਦੇ ਪੱਕੇ ਬੈਰੀਕੇਡਜ਼, ਬਣੇਗੀ ‘ਅਸਥਾਈ ਕੰਧ’
ਕਿਸਾਨਾਂ ਦੇ ਪ੍ਰਦਰਸ਼ਨ ਦੀ ਮੁੱਖ ਥਾਂ ਸਿੰਘੂ ਬਾਰਡਰ ’ਤੇ ਪੁਲਸ ਦੀ ਦੇਖ-ਰੇਖ ਵਿਚ ਮਜ਼ਦੂਰ ਸੀਮੈਂਟ ਦੇ ਬੈਰੀਕੇਡਜ਼ ਦੀਆਂ ਦੋ ਕਤਾਰਾਂ ਵਿਚ ਲੋਹੇ ਦੀਆਂ ਛੜਾਂ ਲਾਉਂਦੇ ਹੋਏ ਵੇਖੇ ਗਏ। ਪੁਲਸ ਵਲੋਂ ਅਜਿਹਾ ਇਸ ਲਈ ਕੀਤਾ ਗਿਆ, ਤਾਂ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਆਵਾਜਾਈ ਸੀਮਤ ਕੀਤੀ ਜਾ ਸਕੇ।
ਗਣਤੰਤਰ ਦਿਵਸ ਹਿੰਸਾ : ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦਾ ਡਾਟਾ ਕੀਤਾ ਜਾਰੀ
ਦਿੱਲੀ ਪੁਲਸ ਨੇ ਗਣਤੰਤਰ ਦਿਵਸ 'ਤੇ ਦਿੱਲੀ 'ਚ ਆਯੋਜਿਤ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਦਰਜ ਕੀਤੀਆਂ ਗਈਆਂ 13 ਸ਼ਿਕਾਇਤਾਂ ਦੇ ਸੰਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਮ ਅਤੇ ਵੇਰਵਾ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਪੁਲਸ ਨੇ 122 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 44 ਵਿਰੁੱਧ ਮਾਮਲਾ ਦਰਜ ਕੀਤੇ ਹਨ।
ਟਵਿੱਟਰ ਨੇ 'ਕਿਸਾਨ ਏਕਤਾ ਮੋਰਚਾ' ਸਮੇਤ ਕਈ ਅਕਾਊਂਟ ਕੀਤੇ ਸਸਪੈਂਡ
ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਨੇ 'ਕਿਸਾਨ ਏਕਤਾ ਮੋਰਚਾ' ਸਮੇਤ ਕਈ ਅਕਾਊਂਟ ਸਸਪੈਂਡ ਕਰ ਦਿੱਤੇ ਹਨ। ਜਾਂਚ ਏਜੰਸੀਆਂ ਦੀ ਮੰਗ 'ਤੇ ਅਜਿਹਾ ਕੀਤਾ ਗਿਆ ਹੈ। ਕਿਸਾਨ ਏਕਤਾ ਮੋਰਚਾ ਅਕਾਊਂਟ ਨੂੰ ਕਿਸਾਨ ਆਗੂਆਂ ਨੇ ਟਵਿੱਟਰ 'ਤੇ ਆਪਣਾ ਅਧਿਕਾਰਤ ਅਕਾਊਂਟ ਦੱਸਿਆ ਸੀ। ਇਨ੍ਹਾਂ ਸਾਰਿਆਂ ਦੇ ਪ੍ਰੋਫਾਈਲ 'ਤੇ ਕਲਿੱਕ ਕਰਨ 'ਤੇ ਲਿਖ ਕੇ ਆ ਰਿਹਾ ਹੈ ਕਿ ਸੰਬੰਧਤ ਅਕਾਊਂਟ 'ਤੇ ਇਕ ਕਾਨੂੰਨੀ ਮੰਗ ਦੇ ਜਵਾਬ 'ਚ ਭਾਰਤ ਨੇ ਰੋਕ ਲਗਾ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।