''ਰਾਫ਼ੇਲ'' ਨੂੰ ਲੈ ਕੇ ਅੰਬਾਲਾ ਏਅਰਬੇਸ ਨੇੜੇ ਹੋਵੇਗੀ ਖ਼ਾਸ ਸੁਰੱਖਿਆ, ਵਿਜ ਨੇ ਬੈਠਕ ''ਚ ਲਏ ਫ਼ੈਸਲੇ

09/08/2020 11:20:23 AM

ਅੰਬਾਲਾ— ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਰਾਫ਼ੇਲ ਅਤੇ ਹੋਰ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਹਵਾਈ ਫ਼ੌਜ ਅਤੇ ਹਰਿਆਣਾ ਸਰਕਾਰ ਚਿੰਤਾ ਵਿਚ ਹਨ। ਇਨ੍ਹਾਂ ਦੀ ਸੁਰੱਖਿਅਤ ਉਡਾਣ ਯਕੀਨੀ ਕਰਨ ਲਈ ਅੰਬਾਲਾ ਏਅਰਬੇਸ ਨੇੜੇ ਸੁਰੱਖਿਆ ਦੇ ਕਦਮ ਚੁੱਕੇ ਜਾਣਗੇ। ਦੱਸ ਦੇਈਏ ਕਿ ਵਿਰੋਧੀ ਦੇਸ਼ਾਂ ਦੇ ਦੰਦ ਖੱਟੇ ਕਰਨ ਲਈ ਰਾਫ਼ੇਲ ਨੂੰ ਅੰਬਾਲਾ ਏਅਰਬੇਸ ਵਿਚ ਤਾਇਨਾਤ ਕੀਤਾ ਗਿਆ ਹੈ। ਅਜਿਹੇ ਵਿਚ ਅੰਬਾਲਾ ਵਿਚ ਰਾਫ਼ੇਲ ਪੂਰੀ ਤਰ੍ਹਾਂ ਸੁਰੱਖਿਅਤ ਰਹੇ, ਇਸ ਲਈ ਹੁਣ ਕਮਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਉਨ੍ਹਾਂ ਦੇ ਮਹਿਕਮੇ ਨੇ ਸੰਭਾਲੀ ਹੈ। ਵਿਜ ਨੇ ਕਿਹਾ ਕਿ ਰਾਫ਼ੇਲ ਅਤੇ ਜਗੁਆਰ ਦੇਸ਼ ਦੀ ਸ਼ਾਨ ਹਨ। ਰਾਫ਼ੇਲ ਅਤੇ ਹੋਰ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਬਾਲਾ ਏਅਰਬੇਸ ਦੇ ਆਲੇ-ਦੁਆਲੇ ਪਤੰਗ ਅਤੇ ਕਬੂਤਰਬਾਜ਼ੀ 'ਤੇ ਪਾਬੰਦੀ ਰਹੇਗੀ। ਮੀਟ ਦੀ ਵਿਕਰੀ ਵੀ ਰੋਕੀ ਜਾਵੇਗੀ, ਕਿਉਂਕਿ ਪੰਛੀ ਇਸ ਕਾਰਨ ਵੀ ਅਜਿਹੇ ਖੇਤਰਾਂ ਦੇ ਆਲੇ-ਦੁਆਲੇ ਮੰਡਰਾਉਂਦੇ ਹਨ।

PunjabKesari

ਅੰਬਾਲਾ ਦੇ ਆਸਮਾਨ ਵਿਚ ਉਡਣ ਵਾਲੇ ਪਰਿੰਦੇ ਰਾਫ਼ੇਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਲਈ ਅੱਜ ਅਨਿਲ ਵਿਜ ਨੇ ਹਵਾਈ ਫ਼ੌਜ, ਨਗਰ ਨਿਗਮ, ਨਗਰ ਪਰੀਸ਼ਦ ਅਤੇ ਛਾਉਣੀ ਬੋਰਡ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਜਿਸ ਵਿਚ ਰਾਫ਼ੇਲ ਦੀ ਸੁਰੱਖਿਆ ਲਈ ਅਹਿਮ ਫੈਸਲੇ ਲਏ ਗਏ। ਵਿਜ ਨੇ ਕਿਹਾ ਕਿ ਆਸਮਾਨ ਵਿਚ ਗਰਜਣ ਵਾਲਾ ਰਾਫ਼ੇਲ ਹੀ ਨਹੀਂ ਜਗੁਆਰ ਅਤੇ ਹੋਰ ਜਹਾਜ਼ਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅੰਬਾਲਾ ਦੀ ਹੈ।

ਦੱਸ ਦੇਈਏ ਕਿ ਅੰਬਾਲਾ ਏਅਰਬੇਸ ਦੇ ਆਲੇ-ਦੁਆਲੇ ਪੰਛੀ ਰਾਫ਼ੇਲ ਅਤੇ ਜਗੁਆਰ ਸਮੇਤ ਹੋਰ ਲੜਾਕੂ ਜਹਾਜ਼ਾਂ ਦੀ ਉਡਾਣ ਲਈ ਖ਼ਤਰਾ ਬਣੇ ਹੋਏ ਹਨ। ਏਅਰਬੇਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਕਾਫੀ ਗਿਣਤੀ ਵਿਚ ਪੰਛੀ ਉਡਦੇ ਰਹਿੰਦੇ ਹਨ ਅਤੇ ਇਸ ਕਾਰਨ ਕਈ ਵਾਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਵਿਜ ਨੇ ਬੈਠਕ ਵਿਚ ਰਾਫ਼ੇਲ ਦੀ ਸੁਰੱਖਿਆ ਨੂੰ ਲੈ ਕੇ ਕਈ ਅਹਿਮ ਬਿੰਦੂਆਂ 'ਤੇ ਚਰਚਾ ਕੀਤੀ ਅਤੇ ਅਹਿਮ ਫ਼ੈਸਲੇ ਲਏ ਗਏ। ਬੈਠਕ ਵਿਚ ਤੈਅ ਕੀਤੇ ਗਏ ਫ਼ੈਸਲਿਆਂ ਦੇ ਪਾਲਣ ਲਈ ਤਿੰਨ ਅਧਿਕਾਰੀਆਂ ਦੀ ਟੀਮ ਵੀ ਗਠਿਤ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਅੰਬਾਲਾ ਏਅਰਬੇਸ 'ਤੇ ਜੁਲਾਈ ਮਹੀਨੇ ਫਰਾਂਸ ਤੋਂ ਆਏ 5 ਰਾਫ਼ੇਲ ਜਹਾਜ਼ ਰੱਖੇ ਗਏ ਹਨ। ਇਸ ਦੇ ਨਾਲ ਹੀ ਏਅਰਬੇਸ 'ਤੇ ਜਗੁਆਰ ਸਮੇਤ ਹੋਰ ਲੜਾਕੂ ਜਹਾਜ਼ ਵੀ ਤਾਇਨਾਤ ਹਨ। ਰਾਫ਼ੇਲ ਜਹਾਜ਼ 10 ਸਤੰਬਰ ਨੂੰ ਹਵਾਈ ਫ਼ੌਜ ਦੇ ਬੇੜੇ 'ਚ ਸ਼ਾਮਲ ਹੋਵੇਗਾ। ਆਪਣੀ ਮਾਰਕ ਸਮਰੱਥਾ ਕਾਰਨ ਰਾਫ਼ੇਲ ਜਹਾਜ਼ ਬੇਹੱਦ ਖ਼ਾਸ ਹੈ। ਅੰਬਾਲਾ ਏਅਰਬੇਸ ਤੋਂ ਰਾਫ਼ੇਲ ਪਾਕਿਸਤਾਨ ਅਤੇ ਚੀਨ ਦੋਹਾਂ ਸਰਹੱਦਾਂ 'ਤੇ ਨਜ਼ਰ ਰੱਖੇਗਾ।


Tanu

Content Editor

Related News