ਗੂੰਗੀਆਂ-ਬੋਲ਼ੀਆਂ ਮੁਟਿਆਰਾਂ ਨਾਲ ਜਬਰ-ਜ਼ਨਾਹ, ਦੇ ਦੋਸ਼ ''ਚ ਹੋਸਟਲ ਸੰਚਾਲਕ ਗ੍ਰਿਫਤਾਰ
Saturday, Aug 11, 2018 - 02:27 AM (IST)

ਭੋਪਾਲ— ਬਿਹਾਰ ਦੇ ਮੁਜ਼ੱਫਰਪੁਰ ਅਤੇ ਉੱਤਰ ਪ੍ਰਦੇਸ਼ ਦੇ ਦੇਵਰੀਆ ਮਗਰੋਂ ਹੁਣ ਮੱਧ ਪ੍ਰਦੇਸ਼ ਦੇ ਰਾਜਧਾਨੀ ਭੋਪਾਲ ਦੇ ਇਕ ਹੋਸਟਲ 'ਚ ਗੂੰਗੀਆਂ-ਬੋਲ਼ੀਆਂ ਮੁਟਿਆਰਾਂ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਹੋਸਟਲ ਸੰਚਾਲਕ 'ਤੇ ਮੁਟਿਆਰਾਂ ਨਾਲ ਭੈੜਾ ਸਲੂਕ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵੀ ਲਾਏ ਗਏ ਹਨ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਅਨੁਸਾਰ ਇਹ ਮਾਮਲਾ ਵੀਰਵਾਰ ਨੂੰ ਉਦੋਂ ਉਜਾਗਰ ਹੋਇਆ ਜਦੋਂ ਧਾਰ ਜ਼ਿਲੇ ਦੀ ਇਕ ਗੂੰਗੀ-ਬੋਲ਼ੀ ਮੁਟਿਆਰ ਨੇ ਹੱਡਬੀਤੀ ਮਾਪਿਆਂ ਨੂੰ ਦੱਸੀ। ਮਾਪਿਆਂ ਨੇ ਧਾਰ ਤੇ ਇੰਦੌਰ ਪੁਲਸ ਨੂੰ ਸ਼ਿਕਾਇਤ ਕੀਤੀ। ਇਸ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਭੋਪਾਲ ਦੇ ਅਵਧਪੁਰੀ ਥਾਣੇ 'ਚ ਭੇਜਿਆ। ਦੱਸਿਆ ਗਿਆ ਹੈ ਕਿ ਅਵਧਪੁਰੀ ਵਿਚ ਅਸ਼ਵਨੀ ਸ਼ਰਮਾ ਗੂੰਗੀਆਂ-ਬੋਲ਼ੀਆਂ ਲੜਕੀਆਂ ਲਈ ਸਿਖਲਾਈ ਕੇਂਦਰ ਚਲਾਉਂਦਾ ਹੈ, ਜਿਸ ਨੂੰ ਸਰਕਾਰ ਕੋਲੋਂ ਗ੍ਰਾਂਟ ਵੀ ਮਿਲਦੀ ਹੈ। ਉਸ ਦਾ ਹੋਸਟਲ ਵੀ ਹੈ। ਇਸ ਹੋਸਟਲ ਵਿਚ ਸਿਖਲਾਈ ਲੈਣ ਆਉਣ ਵਾਲੀਆਂ ਮੁਟਿਆਰਾਂ ਦੇ ਰਹਿਣ ਦਾ ਪ੍ਰਬੰਧ ਹੈ।