ਰਾਮ ਮੰਦਰ ਉਸਾਰੀ ਲਈ ‘ਡਿਜੀਟਲ ਦਾਨ’ ਬੰਦ, ਇਹ ਹੈ ਵਜ੍ਹਾ

02/23/2021 12:55:49 PM

ਲਖਨਊ (ਇੰਟ.)- ਅਯੁੱਧਿਆ ’ਚ ਰਾਮ ਮੰਦਰ ਉਸਾਰੀ ਲਈ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਪੂਰੇ ਦੇਸ਼ ’ਚ 15 ਜਨਵਰੀ, 2021 ਤੋਂ ਸਮਰਪਣ ਫੰਡ ਸੰਗ੍ਰਹਿ ਮੁਹਿੰਮ ਚਲਾ ਰਿਹਾ ਹੈ। ਮੁਹਿੰਮ ਸ਼ੁਰੂ ਹੋਣ ਦੇ ਨਾਲ ਹੀ ਪੂਰੇ ਦੇਸ਼ ਤੋਂ ਰਾਮਭਗਤਾਂ ਨੇ ਦਿਲ ਖੋਲ੍ਹ ਕੇ ਦਾਨ ਦੇਣਾ ਸ਼ੁਰੂ ਕੀਤਾ। ਇਹ ਦਾਨ ਭਾਵੇਂ ਤੀਰਥ ਖੇਤਰ ਦੇ ਡਿਜੀਟਲ ਪਲੇਟਫਾਰਮ ’ਤੇ ਦਿੱਤਾ ਗਿਆ ਹੋਵੇ ਜਾਂ ਸੋਨੇ-ਚਾਂਦੀ ਦੇ ਰੂਪ ’ਚ, ਸਭ ਕੁਝ ਸਹੀ ਤਰੀਕੇ ਨਾਲ ਚਲ ਰਿਹਾ ਸੀ। ਪਰ ਡਿਜੀਟਲ ਦਾਨ ਦੇਣ ਵਾਲੇ ਭਗਤਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਡਿਜੀਟਲ ਤਰੀਕੇ ਨਾਲ ਦਾਨ ਕਰਨ ਵਾਲੇ ਪਲੇਟਫਾਰਮ ’ਚ ਧੋਖਾਦੇਹੀ ਹੋਣ ਲੱਗੀ। ਟਰੱਸਟ ਨੇ ਹੁਣ ਡਿਜੀਟਲ ਲੈਣ-ਦੇਣ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।

ਯੂ. ਪੀ. ਆਈ. ਅਤੇ ਬਾਰ ਕੋਡ ਨਾਲ ਦਾਨ ਨਹੀਂ ਲਵੇਗਾ ਟਰੱਸਟ
ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਫੈਸਲਾ ਕੀਤਾ ਹੈ ਕਿ ਹੁਣ ਉਹ ਮੰਦਰ ਲਈ ਯੂ. ਪੀ. ਆਈ. ਅਤੇ ਬਾਰ ਕੋਡ ਰਾਹੀਂ ਧਨ ਦਾਨ ਨਹੀਂ ਲਵੇਗਾ। 20 ਫਰਵਰੀ ਨੂੰ ਵਾਰਾਣਸੀ ਪਹੁੰਚੇ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਗੰਭੀਰਤਾਪੂਰਵਕ ਕਿਹਾ ਕਿ ਬੈਂਕਾਂ ਨੇ ਮੰਨਿਆ ਹੈ ਕਿ ਗੜਬੜੀ ਹੋ ਸਕਦੀ ਹੈ। ਕੋਈ ਗੜਬੜੀ ਨਾ ਹੋ ਸਕੇ ਇਸ ਕਾਰਣ ਟਰੱਸਟ ਨੇ ਯੂ. ਪੀ. ਆਈ. ਅਤੇ ਬਾਰ ਕੋਡ ਤੋਂ ਧਨ ਸੰਗ੍ਰਹਿ ਬੰਦ ਕਰਵਾਉਣ ਦਾ ਫੈਸਲਾ ਕੀਤਾ ਹੈ।

1590 ਕਰੋੜ ਰੁਪਏ ਇਕੱਠੇ ਹੋਏ
ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਦੇ ਸਹਿਯੋਗੀ ਹਨੁਮਾਨ ਨੇ ਦੱਸਿਆ ਕਿ 11 ਫਰਵਰੀ ਸ਼ਾਮ ਤੱਕ 1590 ਕਰੋੜ ਰੁਪਏ ਇਕੱਠੇ ਹੋ ਗਏ ਹਨ। ਚੰਦਾ ਮੁਹਿੰਮ 27 ਫਰਵਰੀ ਤੱਕ ਜਾਰੀ ਰਹੇਗੀ। ਦੇਸ਼ ਦੇ ਚਾਰ ਲੱਖ ਪਿੰਡ ਅਤੇ 11 ਕਰੋੜ ਪਰਿਵਾਰ ਸਾਡੀ ਦਾਨ ਮੁਹਿੰਮ ’ਚ ਸ਼ਾਮਲ ਹੋਏ ਹਨ। 1,50,000 ਟੋਲੀਆਂ ਸੰਗ੍ਰਹਿ ਕਰ ਰਹੀਆਂ ਹਨ। ਇਸ ਧਨ ਸੰਗ੍ਰਹਿ ਮੁਹਿੰਮ ’ਚ 10, 50, 100 ਅਤੇ 1000 ਦੇ ਕੂਪਨ ਦੇ ਨਾਲ ਰਸੀਦ, ਯੂ. ਪੀ. ਆਈ. ਅਤੇ ਬਾਰ ਕੋਡ ਡਿਜੀਟਲ ਮਾਧਿਅਮ ਦਾ ਵੀ ਪ੍ਰਯੋਗ ਹੋ ਰਿਹਾ ਸੀ।

ਚਾਂਦੀ ਦੀਆਂ ਇੱਟਾਂ ਟਰੱਸਟ ਲਈ ਬਣੀਆਂ ਸਿਰਦਰਦ
ਪੈਸਿਆਂ ਦੇ ਨਾਲ-ਨਾਲ ਸ਼ਰਧਾਲੂ ਵੱਡੀ ਗਿਣਤੀ ’ਚ ਰਾਮਲਲਾ ਦੇ ਮੰਦਰ ਲਈ ਚਾਂਦੀ ਦੀਆਂ ਇੱਟਾਂ ਦਾਨ ਕਰ ਰਹੇ ਹਨ। ਹੁਣ ਤੱਕ ਟਰੱਸਟ ਨੂੰ ਲਗਭਗ 400 ਕਿਲੋ ਚਾਂਦੀ ਦੀਆਂ ਇੱਟਾਂ ਦਾਨ ’ਚ ਮਿਲ ਚੁੱਕੀਆਂ ਹਨ। ਦਾਨ ’ਚ ਮਿਲੀਆਂ ਉਕਤ ਚਾਂਦੀ ਦੀਆਂ ਇੱਟਾਂ ਟਰੱਸਟ ਲਈ ਸਿਰਦਰਦ ਬਣ ਗਈਆਂ ਹਨ। ਟਰੱਸਟ ਲਈ ਹੁਣ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਇੱਟਾਂ ਨੂੰ ਰੱਖੇ ਤਾਂ ਰੱਖੇ ਕਿੱਥੇ? ਕਿਉਂਕਿ ਜਿਸ ਲਾਕਰ ’ਚ ਇਨ੍ਹਾਂ ਇੱਟਾਂ ਨੂੰ ਰੱਖਿਆ ਜਾ ਰਿਹਾ ਹੈ ਉਥੇ ਥਾਂ ਖਤਮ ਹੋ ਗਈ ਹੈ। ਟਰੱਸਟ ਨੇ ਹੁਣ ਚਾਂਦੀ ਦੀਆਂ ਇੱਟਾਂ ਦਾਨ ’ਚ ਨਾ ਦੇਣ ਦੀ ਅਪੀਲ ਕੀਤੀ ਹੈ। ਵਾਰਾਣਸੀ ’ਚ ਚੰਪਤ ਰਾਏ ਨੇ ਕਿਹਾ ਕਿ ਦਾਨ ’ਚ ਆ ਰਹੀਆਂ ਚਾਂਦੀ ਦੀਆਂ ਇੱਟਾਂ ਦੀ ਹੁਣ ਲੋੜ ਨਹੀਂ ਹੈ। ਜਦੋਂ ਹੋਵੇਗੀ ਤਾਂ ਅਸੀਂ ਮੰਗ ਲਵਾਂਗੇ।

ਇਥੇ ਕਰੋ ਦਾਨ
ਰਾਮ ਮੰਦਰ ਟਰੱਸਟ ਦੇ ਸਿਰਫ 3 ਖਾਤੇ ਹਨ। ਇਸ ਵਿਚ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ਸ਼ਾਮਲ ਹਨ। ਭਗਤਾਂ ਵਲੋਂ ਰਾਮ ਮੰਦਰ ਉਸਾਰੀ ਲਈ ਸਮਪਰਣ ਫੰਡ ਸੰਗ੍ਰਹਿ ਨੂੰ ਇਨ੍ਹਾਂ ਬੈਂਕ ਖਾਤਿਆਂ ’ਚ ਜਮ੍ਹਾ ਕੀਤਾ ਜਾ ਸਕਦਾ ਹੈ।


DIsha

Content Editor

Related News