ਰਾਮ ਮੰਦਰ ਦੇ ਨਿਰਮਾਣ ਲਈ ਭਗਤਾਂ ਨੇ ਖੋਲ੍ਹਿਆ ਖਜ਼ਾਨਾ, 2 ਦਿਨਾਂ ’ਚ ਇਕੱਠਾ ਹੋਇਆ 100 ਕਰੋੜ ਦਾ ਦਾਨ

01/18/2021 3:09:11 PM

ਨਵੀਂ ਦਿੱਲੀ– ਰਾਮ ਨਗਰੀ ਅਯੁੱਧਿਆ ’ਚ ਬਣਨ ਵਾਲੇ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਭਗਤ ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ। ਮੰਦਰ ਦੇ ਨਿਰਮਾਣ ਲਈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ 2 ਦਿਨਾਂ ’ਚ ਹੀ 100 ਕਰੋੜ ਰੁਪਏ ਦਾ ਦਾਨ ਮਿਲ ਚੁੱਕਾ ਹੈ। ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਾਨ ਨੂੰ ਲੈ ਕੇ ਡਾਟਾ ਨਹੀਂ ਮਿਲ ਸਕਿਆ ਪਰ ਵਰਕਰਾਂ ਤੋਂ ਮਿਲੀ ਰਿਪੋਰਟ ਮੁਤਾਬਕ, ਹੁਣ ਤਕ 100 ਕਰੋੜ ਰੁਪਏ ਇਕੱਠੇ ਹੋ ਚੁੱਕੇ ਹਨ। 

ਅਕਸ਼ੈ ਕੁਮਾਰ ਨੇ ਵੀ ਦਿੱਤਾ ਦਾਨ
ਦਰਅਸਲ, ਵਿਸ਼ਵ ਹਿੰਦੂ ਪ੍ਰੀਸ਼ਦ ਨੇ 15 ਜਨਵਰੀ ਤੋਂ ਮੰਦਰ ਨਿਰਮਾਣ ਲਈ ਪੂਰੇ ਦੇਸ਼ ’ਚ ਸਹਿਯੋਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਰਾਮ ਭਗਤਾਂ ਤੋਂ ਰਾਮ ਮੰਦਰ ਦੇ ਨਿਰਮਾਣ ਲਈ ਸਹਿਯੋਗ ਲਿਆ ਜਾ ਰਿਹਾ ਹੈ। ਅਭਿਨੇਤਾ ਅਕਸ਼ੈ ਕੁਮਾਰ ਨੇ ਸਹਿਯੋਗ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਵੀ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ। ਅਕਸ਼ੈ ਨੇ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਰਾਮ ਦੇ ਮੰਦਰ ਦਾ ਨਿਰਮਾਣ ਅਯੁੱਧਿਆ ’ਚ ਸ਼ੁਰੂ ਹੋ ਗਿਆ ਹੈ। ਹੁਣ ਸਾਡੀ ਯੋਗਦਾਨ ਦੇਣ ਦੀ ਵਾਰੀ ਹੈ। ਮੈਂ ਸ਼ੁਰੂਆਤ ਕਰ ਦਿੱਤੀ ਹੈ, ਉਮੀਦ ਹੈ ਕਿ ਤੁਸੀਂ ਵੀ ਇਸ ਵਿਚ ਸ਼ਾਮਲ ਹੋਵੋਗੇ। ਜੈਅ ਸੀਆਰਾਮ।

ਰਾਸ਼ਟਰਪਤੀ ਨੇ ਵੀ ਦਿੱਤਾ 5 ਲੱਖ ਰੁਪਏ ਦਾ ਦਾਨ
ਉਥੇ ਹੀ ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਡ ਅਤੇ ਉਪ ਰਾਸ਼ਟਰਪਤੀ ਐੱਮ. ਵੈਂਕੀਆ ਨਾਇਡੂ ਦੇ ਪਰਿਵਾਰ ਨੇ ਮੰਦਰ ਦੇ ਨਿਰਮਾਣ ਲਈ 5 ਲੱਖ ਰੁਪਏ ਤੋਂ ਜ਼ਿਆਦਾ ਦਾ ਯੋਗਦਾਨ ਦਿੱਤਾ। ਸਭ ਤੋਂ ਵੱਡਾ ਯੋਗਦਾਨ ਰਾਏਬਰੇਲੀ ਜ਼ਿਲੇ ਦੇ ਬੈਸਵਾੜਾ ਦੇ ਤੇਜਗਾਂਓ ਦੇ ਸਾਬਕਾ ਵਿਧਾਇਕ ਸੁਰੇਂਦਰ ਬਹਾਦੁਰ ਸਿੰਘ ਦਾ ਰਿਹਾ ਜਿਨ੍ਹਾਂ ਨੇ ਵਿਹਿਪ ਦੇ ਉਪ-ਪ੍ਰਧਾਨ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੂੰ 1,11,11,111 ਰੁਪਏ ਦਾ ਚੈੱਕ ਦਿੱਤਾ। ਵਿਸ਼ਵ ਹਿੰਦੀ ਪ੍ਰੀਸ਼ਦ (ਵਿਹਿਪ) ਰਾਮ ਮੰਦਰ ਨਿਰਮਾਣ ਅੰਦੋਲਨ ’ਚ ਸਭ ਤੋਂ ਅੱਗੇ ਰਹੀ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਮੰਦਰ ਦੇ ਨਿਰਮਾਣ ਲਈ ਦਾਨ ਇਕੱਠਾ ਕਰਨ ਲਈ ਵਿਹਿਪ ਦਾ ਐਕਵਾਇਰ ਕੀਤਾ ਹੈ। 

ਮੰਦਰ ਨਿਰਮਾਣ ਲਈ ਦੇਸ਼ ਭਰ ਤੋਂ ਮਿਲ ਰਿਹਾ ਦਾਨ
ਖ਼ਬਰਾਂ ਮੁਤਾਬਕ, ਦੇਸ਼ ਭਰ ’ਚ ਰਾਜਪਾਲਾਂ ਅਤੇ ਮੁੱਖ ਮੰਤਰੀਆਂ ਦੁਆਰਾ ਵੀ ਯੋਗਦਾਨ ਦਿੱਤਾ ਗਿਆ ਹੈ। ਵਿਹਿਪ ਦੇ ਇਕ ਮੰਤਰੀ ਮੰਡਲ ਨੇ ਉੱਤਰਾਖੰਡ ਦੀ ਰਾਜਪਾਲ ਬੇਬੀ ਰਾਣੀ ਮੋਰੀਆ ਨਾਲ ਵੀ ਮੁਲਾਕਾਤ ਕੀਤੀ ਅਤੇ ਮੰਦਰ ਦੇ ਨਿਰਮਾਣ ਲਈ ਦਾਨ ਦੇ ਰੂਪ ’ਚ 1.21 ਲੱਖ ਰੁਪਏ ਪ੍ਰਾਪਤ ਕੀਤੇ ਜਦਕਿ ਰਾਜ ਦੇ ਮੁੱਖ ਮੰਤਰੀ ਨੇ ਵੀ 1.51 ਲੱਖ ਰੁਪਏ ਦਾ ਯੋਗਦਾਨ ਦਿੱਤਾ। ਮੱਧ-ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਗੁਜਰਾਤ ਦੇ ਉਪ-ਮੁੱਖ ਮੰਤਰੀ ਨਿਤਿਨ ਪਟੇਲ ਅਤੇ ਉੱਤਰ-ਪ੍ਰਦੇਸ਼ ਅਤੇ ਝਾਰਖੰਡ ਦੇ ਰਾਜਪਾਲਾਂ ਨੇ ਵੀ ਵਿਹਿਪ ਦੇ ਪ੍ਰਤੀਨਿਧੀ ਮੰਡਲਾਂ ਨੂੰ ਆਪਣਾ ਯੋਗਦਾਨ ਦਿੱਤਾ। 


Rakesh

Content Editor

Related News