ਹਰਿਵੰਸ਼ ਨਾਰਾਇਣ ਸਿੰਘ ਦੂਜੀ ਵਾਰ ਬਣੇ ਰਾਜ ਸਭਾ ਦੇ ਡਿਪਟੀ ਸਪੀਕਰ

9/14/2020 5:46:49 PM

ਨਵੀਂ ਦਿੱਲੀ- ਰਾਜ ਸਭਾ ਡਿਪਟੀ ਸਪੀਕਰ ਦੀ ਚੋਣ 'ਚ ਐੱਨ.ਡੀ.ਏ. ਨੂੰ ਜਿੱਤ ਮਿਲੀ ਹੈ। ਐੱਨ.ਡੀ.ਏ. ਦੇ ਉਮੀਦਵਾਰ ਹਰਿਵੰਸ਼ ਨਾਰਾਇਣ ਸਿੰਘ ਦੂਜੀ ਵਾਰ ਇਸ ਅਹੁਦੇ ਲਈ ਚੁਣੇ ਗਏ ਹਨ। ਜਨਤਾ ਦਲ ਯੂਨਾਈਟੇਡ ਦੇ ਨੇਤਾ ਹਰਿਵੰਸ਼ ਸਿੰਘ ਨੇ ਵਿਰੋਧੀ ਧਿਰ ਵਲੋਂ ਆਰ.ਜੇ.ਡੀ. ਉਮੀਦਵਾਰ ਅਤੇ ਸੰਸਦ ਮੈਂਬਰ ਮਨੋਜ ਝਾਅ ਨੂੰ ਹਰਾਇਆ। ਡਿਪਟੀ ਸਪੀਕਰ ਚੋਣ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਜੇ.ਪੀ. ਨੱਢਾ, ਨਰੇਂਦਰ ਤੋਮਰ ਅਤੇ ਨਰੇਸ਼ ਗੁਜਰਾਲ ਨੇ ਹਰਿਵੰਸ਼ ਦੇ ਸਮਰਥਨ 'ਚ ਪ੍ਰਸਤਾਵ ਰੱਖਿਆ, ਜਦੋਂ ਕਿ ਕਾਂਗਰਸ ਨੇਤਾ ਆਨੰਦ ਸ਼ਰਮਾ, ਗੁਲਾਮ ਨਬੀ ਆਜ਼ਾਦ ਅਤੇ ਤਿਰੁਚੀ ਸ਼ਿਵਾ ਨੇ ਮਨੋਜ ਝਾਅ ਦੇ ਸਮਰਥਨ 'ਚ ਪ੍ਰਸਤਾਵ ਰੱਖਿਆ। 

ਇਸ ਤੋਂ ਪਹਿਲਾਂ ਐੱਨ.ਡੀ.ਏ. ਵਲੋਂ ਜੇ.ਡੀ.ਯੂ. ਸੰਸਦ ਮੈਂਬਰ ਹਰਿਵੰਸ਼ ਸਿੰਘ ਨੇ ਪਿਛਲੇ ਹਫ਼ਤੇ ਬੁੱਧਵਾਰ ਨੂੰ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ, ਜਦੋਂ ਕਿ ਮਨੋਜ ਝਾਅ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ। ਹਰਿਵੰਸ਼ ਪੱਤਰਕਾਰ ਰਹੇ ਹਨ ਅਤੇ ਬਿਹਾਰ ਦੀ ਸਿਆਸਤ ਨੂੰ ਕਰੀਬ ਤੋਂ ਸਮਝਦੇ ਹਨ। ਜਦੋਂ ਕਿ ਮਨੋਜ ਝਾਅ ਦਿੱਲੀ ਯੂਨੀਵਰਸਿਟੀ ਦੇ ਸਮਾਜਿਕ ਕਾਰਜ ਵਿਭਾਗ 'ਚ ਪ੍ਰੋਫੈਸਰ ਹਨ। ਉਹ ਆਰ.ਜੇ.ਡੀ. ਦੇ ਰਾਜ ਸਭਾ ਸੰਸਦ ਮੈਂਬਰ ਹੋਣ ਦੇ ਨਾਲ-ਨਾਲ ਪਾਰਟੀ ਦੇ ਬੁਲਾਰੇ ਹੋਣ ਦੇ ਨਾਤੇ ਮੋਹਰੀ ਆਵਾਜ਼ ਵੀ ਹਨ।

ਰਾਜ ਸਭਾ ਸੰਸਦ ਮੈਂਬਰ ਬਣਨ ਤੋਂ ਬਾਅਦ ਹਰਿਵੰਸ਼ ਨਾਰਾਇਣ ਸਿੰਘ ਦੀ ਪਛਾਣ ਇਕ ਪੱਤਰਕਾਰ ਦੇ ਤੌਰ 'ਤੇ ਰਹੀ ਹੈ। ਹਰਿਵੰਸ਼ ਦਾ ਜਨਮ ਜੈਪ੍ਰਕਾਸ਼ ਨਾਰਾਇਣ ਦੇ ਪਿੰਡ ਸਿਤਾਬ ਦਿਆਰਾ 'ਚ ਹੋਇਆ। ਉਹਸ਼ੁਰੂ ਤੋਂ ਹੀ ਸਮਾਜਵਾਦੀ ਵਿਚਾਰਧਾਰਾ ਦੇ ਰੂਪ 'ਚ ਜਾਣੇ ਜਾਂਦੇ ਸਨ। ਵਾਰਾਣਸੀ ਤੋਂ ਸਿੱਖਿਆ ਹਾਸਲ ਕਰਨ ਦੌਰਾਨ ਹੀ ਹਰਿਵੰਸ਼ ਸਿੰਘ ਜੇ.ਪੀ. ਅੰਦੋਲਨ ਨਾਲ ਜੁੜ ਗਏ ਸਨ।

ਬਾਅਦ ਉਨ੍ਹਾਂ ਨੇ ਪੱਤਰਕਾਰੀ 'ਚ ਕਦਮ ਰੱਖਿਆ ਅਤੇ ਕਰੀਬ 4 ਦਹਾਕਿਆਂ ਤੱਕ ਪੱਤਰਕਾਰੀ 'ਚ ਸਰਗਰਮ ਰਹੇ। ਉਨ੍ਹਾਂ ਨੇ ਦੇਸ਼ ਦੀਆਂ ਕਈ ਮੁੱਖ ਅਖਬਾਰਾਂ ਲਈ ਕੰਮ ਕੀਤਾ ਅਤੇ 1989 'ਚ ਪ੍ਰਭਾਤ ਖ਼ਬਰ ਸ਼ੁਰੂ ਕੀਤਾ। 2014 'ਚ ਜੇ.ਡੀ.ਯੂ. ਨੇ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਅਤੇ 2018 'ਚ ਰਾਜ ਸਭਾ ਦੇ ਡਿਪਟੀ ਸਪੀਕਰ ਚੁਣੇ ਗਏ ਪਰ ਇਸ ਸਾਲ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਕਾਰਨ ਹੁਣ ਮੁੜ ਤੋਂ ਉਸੇ ਅਹੁਦੇ ਲਈ ਮੈਦਾਨ 'ਚ ਉਤਰੇ ਅਤੇ ਜਿੱਤ ਹਾਸਲ ਕੀਤੀ।


DIsha

Content Editor DIsha