ਰਾਜ ਸਭਾ ਦੇ 93 ਤੇ ਲੋਕ ਸਭਾ ਦੇ 80 ਫੀਸਦੀ ਮੈਂਬਰਾਂ ਨੂੰ ਲੱਗੇ ਕੋਰੋਨਾ ਟੀਕੇ
Thursday, Jul 01, 2021 - 04:53 PM (IST)
ਨਵੀਂ ਦਿੱਲੀ— ਰਾਜ ਸਭਾ ਦੇ 236 ਮੈਂਬਰਾਂ ’ਚੋਂ 214 ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। 5 ਨੇ ਅਜੇ ਤਕ ਟੀਕਾ ਨਹੀਂ ਲਵਾਇਆ ਹੈ ਕਿਉਂਕਿ ਉਹ ਕੋਰੋਨਾ ਹੋਣ ਪਿਛੋਂ ਠੀਕ ਹੋ ਰਹੇ ਹਨ। 236 ਮੈਂਬਰਾਂ ਵਿਚੋਂ 179 ਨੇ ਦੋਵੇਂ ਖੁਰਾਕਾਂ ਲੈ ਲਈਆਂ ਹਨ। 245 ਮੈਂਬਰੀ ਰਾਜ ਸਭਾ ’ਚ ਅਜੇ 9 ਥਾਵਾਂ ਖਾਲੀ ਹਨ। ਇਨ੍ਹਾਂ ’ਚੋਂ ਇਕ ਸ਼ਰਦ ਪਵਾਰ ਦੀ ਵੀ ਹੈ। 8 ਖਾਲੀ ਥਾਵਾਂ ਲਈ ਉਪ ਚੋਣਾਂ ਅਜੇ ਕਰਵਾਈਆਂ ਜਾਣੀਆਂ ਹਨ। ਇਸ ਤਰ੍ਹਾਂ 93 ਫੀਸਦੀ ਰਾਜ ਸਭਾ ਦੇ ਮੈਂਬਰ ਕੋਰੋਨਾ ਵਿਰੁੱਧ ਸੁਰੱਖਿਆ ਕਵਚ ਲੈ ਚੁੱਕੇ ਹਨ।
ਜਿਥੋਂ ਤਕ ਲੋਕ ਸਭਾ ਦੀ ਗੱਲ ਹੈ ਤਾਂ 542 ਮੈਂਬਰੀ ਹਾਊਸ ਵਿਚੋਂ 410 ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ ਜਦੋਂਕਿ ਇਕ ਦਰਜਨ ਮੈਂਬਰਾਂ ਨੇ ਪਹਿਲਾ ਟੀਕਾ ਲਗਵਾ ਲਿਆ ਹੈ। ਲੋਕ ਸਭਾ ਦੇ ਲਗਭਗ 80 ਫੀਸਦੀ ਮੈਂਬਰਾਂ ਨੂੰ ਟੀਕੇ ਦੀ ਸੁਰੱਖਿਆ ਮਿਲ ਚੁੱਕੀ ਹੈ। ਲੋਕ ਸਭਾ ’ਚ ਇਸ ਸਮੇਂ ਤਿੰਨ ਸੀਟਾਂ ਖਾਲੀ ਹਨ। ਲੋਕ ਸਭਾ ਦੇ ਇਕ ਦਰਜਨ ਸੰਸਦ ਮੈਂਬਰ ਜਿਨ੍ਹਾਂ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਅਤੇ ਰਾਹੁਲ ਗਾਂਧੀ ਸ਼ਾਮਲ ਹਨ, ਨੂੰ ਟੀਕੇ ਲਵਾਉਣ ਲਈ ਉਡੀਕ ਕਰਨੀ ਪਏਗੀ ਕਿਉਂਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਸੀ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹਨ। ਕੁਝ ਮੰਤਰੀਆਂ ਨੇ ਵੀ ਅਜੇ ਟੀਕੇ ਨਹੀਂ ਲਗਵਾਏ ਹਨ।
ਕੁਲ ਮਿਲਾ ਕੇ 50 ਸੰਸਦ ਮੈਂਬਰ ਕੋਰੋਨਾ ਪੀੜਤ ਹੋਏ ਸਨ ਅਤੇ ਪਿਛਲੇ ਸਾਲ ਮਹਾਮਾਰੀ ਤੋਂ ਹੁਣ ਤਕ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਸਮੇਤ ਘੱਟੋ-ਘੱਟ 3 ਐੱਮ. ਪੀ. ਇਸ ਬੀਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਸੰਸਦ ਮੈਂਬਰਾਂ ਅਤੇ ਸਕੱਤਰੇਤ ਦੇ ਸਟਾਫ ’ਤੇ ਟੀਕਾਕਰਨ ਸਬੰਧੀ ਪੂਰੀ ਨਜ਼ਰ ਰੱਖ ਰਹੇ ਹਨ। ਜੁਲਾਈ ਦੇ ਅੰਤ ’ਚ ਮਾਨਸੂਨ ਸਮਾਗਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਹ ਟੀਕਾਕਰਨ ਦੀ ਮੁਹਿੰਮ ਨੂੰ ਮੁਕੰਮਲ ਕਰਵਾਉਣਾ ਚਾਹੁੰਦੇ ਹਨ।
ਸੂਤਰਾਂ ਮੁਤਾਬਕ ਸੰਸਦ ਦੇ 90 ਫੀਸਦੀ ਪ੍ਰਸ਼ਾਸਨਿਕ ਅਤੇ ਸੁਰੱਖਿਆ ਸਟਾਫ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ। ਸੰਸਦ ਭਵਨ ਅੰਦਰ ਦਾਖਲ ਹੋਣ ਵਾਲੇ ਪੱਤਰਕਾਰਾਂ ਅਤੇ ਹੋਰਨਾਂ ਲੋਕਾਂ ਨੂੰ ਟੀਕਾ ਲੱਗਾ ਹੋਣਾ ਜ਼ਰੂਰੀ ਹੈ। ਆਰ. ਟੀ. ਪੀ. ਸੀ. ਆਰ. ਟੈਸਟ ਦੇ ਨਾਲ ਹੀ ਦਾਖਲ ਹੋਣ ਵਾਲੇ ਲੋਕਾਂ ਲਈ ਘੱਟੋ-ਘੱਟ ਇਕ ਟੀਕਾ ਲਵਾਇਆ ਹੋਣਾ ਜ਼ਰੂਰੀ ਹੈ। ਹੁਣ ਜਦੋਂ ਸੰਸਦ ਦੀ ਸਥਾਈ ਅਤੇ ਹੋਰਨਾਂ ਕਮੇਟੀਆਂ ਦੀਆਂ ਬੈਠਕਾਂ ਸ਼ੁਰੂ ਹੋ ਚੁੱਕੀਆਂ ਹਨ, ਸੰਸਦ ਮੈਂਬਰਾਂ ਦੇ ਟੀਕਾਕਰਨ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ। ਮਹਾਮਾਰੀ ਕਾਰਨ 2020 ’ਚ ਸੰਸਦ ਦਾ ਸਰਦ ਰੁੱਤ ਸੈਸ਼ਨ ਟਾਲਣਾ ਪਿਆ ਸੀ। ਵਿਧਾਨ ਸਭਾ ਦੀਆਂ ਚੋਣਾਂ ਕਾਰਨ ਬਜਟ ਸੈਸ਼ਨ ਛੋਟਾ ਕਰਨਾ ਪਿਆ ਸੀ। ਚੋਣਾਂ ਪਿਛੋਂ ਕੋਰੋਨਾ ਦੀ ਦੂਜੀ ਲਹਿਰ ਨੇ ਜੋਰ ਫੜ ਲਿਆ।