ਕਿਸਾਨੀ ਮੁੱਦੇ ’ਤੇ ਰਾਜ ਸਭਾ ’ਚ ਹੰਗਾਮਾ, ‘ਆਪ’ ਦੇ ਤਿੰਨ ਮੈਂਬਰ ਪੂਰੇ ਦਿਨ ਦੀ ਕਾਰਵਾਈ ਤੋਂ ਬਾਹਰ
Wednesday, Feb 03, 2021 - 10:34 AM (IST)
ਨਵੀਂ ਦਿੱਲੀ— ਰਾਜ ਸਭਾ ’ਚ ਬੁੱਧਵਾਰ ਯਾਨੀ ਕਿ ਅੱਜ ਆਮ ਆਦਮੀ ਪਾਰਟੀ (ਆਪ) ਦੇ ਤਿੰਨੋਂ ਮੈਂਬਰਾਂ ਸੰਜੇ ਸਿੰਘ, ਸੁਸ਼ੀਲ ਗੁਪਤਾ ਅਤੇ ਐੱਨ. ਡੀ. ਗੁਪਤਾ ਨੂੰ ਸਦਨ ਦੀ ਕਾਰਵਾਈ ’ਚ ਖ਼ਲਲ ਪੈਦਾ ਕਰਨ ’ਤੇ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ। ਕਿਸਾਨ ਮੁੱਦੇ ਨੂੰ ਲੈ ਕੇ ਇਹ ਤਿੰਨੋਂ ਮੈਂਬਰ ਰਾਜ ਸਭਾ ’ਚ ਨਾਅਰੇਬਾਜ਼ੀ ਕਰ ਰਹੇ ਸਨ, ਜਿਸ ਤੋਂ ਬਾਅਦ ਚੇਅਰਮੈਨ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਮਾਰਸ਼ਲ ਬੁਲਾ ਕੇ ਸਦਨ ਤੋਂ ਬਾਹਰ ਭੇਜ ਦਿੱਤਾ। ਦਰਅਸਲ ਸਵੇਰੇ ਰਾਜ ਸਭਾ ਵਿਚ ਸਿਫ਼ਰਕਾਲ ਖਤਮ ਹੋਣ ’ਤੇ ਸੰਜੇ ਸਿੰਘ ਨੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਜੁੜਿਆ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਚੇਅਰਮੈਨ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਅਤੇ ਕਿਹਾ ਕਿ ਮੈਂਬਰ ਰਾਸ਼ਟਰਪਤੀ ਦੇ ਭਾਸ਼ਣ ’ਤੇ ਹੋਣ ਵਾਲੀ ਚਰਚਾ ’ਤੇ ਆਪਣੀ ਗੱਲ ਰੱਖ ਸਕਦੇ ਹਨ। ਇਸ ਦੇ ਬਾਵਜੂਦ ‘ਆਪ’ ਦੇ ਮੈਂਬਰਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਰੱਖਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਵੈਂਕਈਆ ਨਾਇਡੂ ਨੇ ਪਹਿਲਾਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਅਤੇ ਸਦਨ ਦੀ ਕਾਰਵਾਈ ਸੁਚਾਰੂ ਰੂਪ ਨਾਲ ਚੱਲਣ ਦੇਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਤਿੰਨੋਂ ਮੈਂਬਰ ਸਦਨ ਦੀ ਕਾਰਵਾਈ ’ਚ ਖਲਲ ਪੈਦਾ ਨਾ ਕਰਨ। ਫ਼ਿਲਹਾਲ ਫਿਰ ਵੀ ‘ਆਪ’ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ ਅਤੇ ਚੇਅਰਮੈਨ ਨੇ ਉਨ੍ਹਾਂ ਨੂੰ ਨਿਯਮ 255 ਤਹਿਤ ਪੂੂਰੇ ਦਿਨ ਲਈ ਮੁਅੱਤਲ ਕਰ ਦਿੱਤਾ ਅਤੇ ਤਿੰਨੋਂ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਲਈ ਕਿਹਾ ਪਰ ਮੁਅੱਤਲ ਮੈਂਬਰ ਸਦਨ ਵਿਚ ਹੀ ਰਹੇ। ਇਸ ’ਤੇ ਵੈਂਕਈਆ ਨਾਇਡੂ ਨੇ ਤਿੰਨੋਂ ਮੈਂਬਰਾਂ ਨੂੰ ਬਾਹਰ ਜਾਣ ਦਾ ਨਿਰਦੇਸ਼ ਦਿੱਤਾ। ਇਸ ਤੋਂ ਬਾਅਦ ਮਾਰਸ਼ਲ ਨੂੰ ਬੁਲਾ ਗਿਆ ਅਤੇ ਉਨ੍ਹਾਂ ਦੀ ਮਦਦ ਨਾਲ ਤਿੰਨੋਂ ਮੈਂਬਰਾਂ ਨੂੰ ਸਦਨ ਤੋਂ ਬਾਹਰ ਕਰ ਦਿੱਤਾ ਗਿਆ।