ਪਹਿਲਗਾਮ ਹਮਲੇ ਮਗਰੋਂ ਰਾਜਨਾਥ ਬੋਲੇ- ''ਡਰਾਂਗੇ ਨਹੀਂ, ਅੱਤਵਾਦੀਆਂ ਨੂੰ ਦੇਵਾਂਗੇ ਮੂੰਹਤੋੜ ਜਵਾਬ''
Wednesday, Apr 23, 2025 - 04:48 PM (IST)

ਨਵੀਂ ਦਿੱਲੀ- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਤੇ ਦੋ-ਟੁੱਕ ਕਿਹਾ ਕਿ ਭਾਰਤ ਡਰੇਗਾ ਨਹੀਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਮੂੰਹਤੋੜ ਜਵਾਬ ਦੇਵਾਂਗੇ। ਰਾਜਨਾਥ ਨੇ ਕਿਹਾ ਕਿ ਧਰਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਤਵਾਦੀਆਂ ਵਲੋਂ ਕੀਤੇ ਗਏ ਕਾਇਰਤਾਪੂਰਨ ਹਮਲੇ ਵਿਚ ਸਾਡੇ ਦੇਸ਼ ਨੇ ਕਈ ਬੇਕਸੂਰ ਨਾਗਰਿਕਾਂ ਨੂੰ ਗੁਆਇਆ ਹੈ। ਰਾਜਨਾਥ ਸਿੰਘ ਨੇ ਸਾਫ ਕੀਤਾ ਕਿ ਅੱਤਵਾਦ ਖਿਲਾਫ਼ ਭਾਰਤ ਦੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ ਅਤੇ ਭਾਰਤ ਕਿਸੇ ਵੀ ਸੂਰਤ ਵਿਚ ਡਰਨ ਵਾਲਾ ਨਹੀਂ ਹੈ। ਅਸੀਂ ਅੱਤਵਾਦੀਆਂ ਨੂੰ ਮੂੰਹਤੋੜ ਜਵਾਬ ਦੇਵਾਂਗੇ। ਅੱਤਵਾਦ ਖਿਲਾਫ਼ ਪੂਰਾ ਦੇਸ਼ ਇਕਜੁੱਟ ਹੈ। ਪਰਦੇ ਦੇ ਪਿੱਛੇ ਲੁੱਕੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਹਮਲੇ ਦੇ ਮਾਸਟਰਮਾਈਂਡ ਨੂੰ ਨਹੀਂ ਛੱਡਾਂਗੇ। ਅਜਿਹਾ ਜਵਾਬ ਮਿਲੇਗਾ ਕਿ ਪੂਰੀ ਦੁਨੀਆ ਵੇਖੇਗੀ।
ਰਾਜਨਾਥ ਨੇ ਕਿਹਾ ਕਿ ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਘਟਨਾ ਦੇ ਮੱਦੇਨਜ਼ਰ ਭਾਰਤ ਸਰਕਾਰ ਹਰ ਉਹ ਕਦਮ ਚੁੱਕੇਗੀ, ਜੋ ਜ਼ਰੂਰੀ ਅਤੇ ਸਹੀ ਹੋਵੇਗਾ। ਅਸੀਂ ਸਿਰਫ਼ ਉਨ੍ਹਾਂ ਲੋਕਾਂ ਤੱਕ ਨਹੀਂ ਪਹੁੰਚਾਂਗੇ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਸਗੋਂ ਅਸੀਂ ਉਨ੍ਹਾਂ ਤੱਕ ਵੀ ਪਹੁੰਚਾਂਗੇ, ਜਿਨ੍ਹਾਂ ਨੇ ਪਰਦੇ ਦੇ ਪਿੱਛੇ ਬੈਠ ਕੇ ਹਿੰਦੋਸਤਾਨ ਦੀ ਸਰਜਮੀਂ 'ਤੇ ਅਜਿਹੀ ਨਾਪਾਕ ਹਰਕਤ ਦੀ ਸਾਜ਼ਿਸ਼ ਰਚੀ ਹੈ।