Breaking : ਭਾਰਤ ਨੇ ਖਿੱਚ ਲਈ ਤਿਆਰੀ! ਦੇਵੇਗਾ ਪਹਿਲਗਾਮ ਹਮਲੇ ਦਾ ਜਵਾਬ, ਅਮਿਤ ਸ਼ਾਹ ਬੋਲੇ- ਛੱਡਾਂਗੇ ਨਹੀਂ
Wednesday, Apr 23, 2025 - 01:43 PM (IST)

ਨੈਸ਼ਨਲ ਡੈਸਕ : ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਹੁਣ ਤਕ 28 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਹਾਲੇ ਵੀ ਕਈ ਲੋਕ ਹਸਪਤਾਲਾਂ 'ਚ ਜ਼ਿੰਦਗੀ ਤੇ ਮੌਤ ਵਿੱਚਾਲੇ ਜੰਗ ਲੜ ਰਹੇ ਹਨ। ਇਸੇ ਵਿਚਾਲੇ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਮਿਤ ਸ਼ਾਹ ਨੇ ਸਾਫ ਸ਼ਬਦਾ ਵਿਚ ਅੱਤਵਾਦੀਆਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਅਸੀਂ ਛਡਾਂਗੇ ਨਹੀਂ। ਅਸੀਂ ਅੱਤਵਾਦ ਦੇ ਅੱਗੇ ਝੁੱਕਣ ਵਾਲੇ ਨਹੀਂ ਹਾਂ।
ਇਸ ਸੰਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਟਵੀਟ ਕੀਤਾ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ''ਭਾਰੀ ਮਨ ਨਾਲ, ਪਹਿਲਗਾਮ ਅੱਤਵਾਦੀ ਹਮਲੇ ਦੇ ਮ੍ਰਿਤਕਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਭਾਰਤ ਅੱਤਵਾਦ ਅੱਗੇ ਨਹੀਂ ਝੁਕੇਗਾ। ਇਸ ਘਿਨਾਉਣੇ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।'' ਇਨ੍ਹਾਂ ਸਤਰ੍ਹਾਂ ਦੇ ਨਾਲ ਗ੍ਰਹਿ ਮੰਤਰੀ ਵਲੋਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਅਮਿਤ ਸ਼ਾਹ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਦਿਖਾਈ ਦੇ ਰਹੇ ਹਨ।
With a heavy heart, paid last respects to the deceased of the Pahalgam terror attack. Bharat will not bend to terror. The culprits of this dastardly terror attack will not be spared. pic.twitter.com/bFxb2nDT4H
— Amit Shah (@AmitShah) April 23, 2025
ਕੇਂਦਰੀ ਗ੍ਰਹਿ ਮੰਤਰੀ ਨੇ ਇਸ ਟਵੀਟ ਨਾਲ ਦੇਸ਼ ਦੇ ਇਰਾਦੇ ਸਾਫ ਕਰ ਦਿੱਤੇ ਹਨ। ਭਾਰਤ ਅੱਤਵਾਦੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹੈ।
ਇਸ ਸੰਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਬਿਆਨ ਸਾਹਮਣੇ ਆਇਆ। ਸਾਊਦੀ ਅਰਬ ਦੇ ਦੌਰੇ ਨੂੰ ਅੱਤਵਾਦੀ ਹਮਲੇ ਕਾਰਨ ਵਿਚਾਲੇ ਛੱਡ ਦੇਸ਼ ਪਰਤੇ ਪ੍ਰਧਾਨ ਮੰਤਰੀ ਨੇ ਵੀ ਅੱਤਵਾਦ ਖਿਲਾਫ ਸਖ਼ਤ ਕਾਰਵਾਈ ਦਾ ਆਪਣਾ ਇਰਾਦਾ ਸਾਫ ਕਰ ਦਿੱਤਾ। ਉਨ੍ਹਾਂ ਨੇ ਆਪਣੇ ਬਿਆਨ 'ਚ ਆਖਿਆ, "ਮੈਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨ੍ਹਾਂ ਲੋਕਾਂ ਪ੍ਰਤੀ ਮੇਰੀ ਸੰਵੇਦਨਾ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀ ਜਲਦੀ ਠੀਕ ਹੋ ਜਾਣ। ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਘਿਨਾਉਣੇ ਹਮਲੇ ਪਿੱਛੇ ਜੋ ਵੀ ਹੈ, ਉਸਨੂੰ ਬਖਸ਼ਿਆ ਨਹੀਂ ਜਾਵੇਗਾ! ਉਨ੍ਹਾਂ ਦੇ ਨਾਪਾਕ ਇਰਾਦੇ ਕਦੇ ਸਫਲ ਨਹੀਂ ਹੋਣਗੇ। ਅੱਤਵਾਦ ਨਾਲ ਲੜਨ ਦੀ ਸਾਡੀ ਵਚਨਬੱਧਤਾ ਅਟੱਲ ਹੈ ਅਤੇ ਹੋਰ ਵੀ ਮਜ਼ਬੂਤ ਹੋਵੇਗੀ।" ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਤੋਂ ਵਾਪਸ ਆਉਂਦੇ ਸਾਰ ਏਅਰਪੋਰਟ 'ਤੇ ਹੀ ਕਈ ਵੱਡੇ ਅਧਿਕਾਰੀਆਂ ਨਾਲ ਬੈਠਕ ਕੀਤੀ। ਜਿਸ ਦੌਰਾਨ ਐੱਨ.ਐੱਸ.ਏ. ਸਲਾਹਕਾਰ ਅਜੀਤ ਡੋਭਾਲ ਤੇ ਵਿਦੇਸ਼ ਮੰਤਰੀ ਐੱਸ. ਜੇ. ਸ਼ੰਕਰ ਵੀ ਮੌਜੂਦ ਰਹੇ।
ਪ੍ਰਧਾਨ ਮੰਤਰੀ ਇਸ ਸਮੇਂ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ. ਸੀ. ਐੱਸ.) ਦੀ ਪ੍ਰਧਾਨਗੀ ਕੀਤੀ, ਜੋ ਕਿ ਸੁਰੱਖਿਆ ਮਾਮਲਿਆਂ 'ਤੇ ਦੇਸ਼ ਦੀ ਸਭ ਤੋਂ ਉੱਚੀ ਫੈਸਲਾ ਲੈਣ ਵਾਲੀ ਸੰਸਥਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਸ਼ਾਮ ਨੂੰ ਇਕ ਹਾਈਲੈਵਲ ਸੀਸੀਐੱਸ ਦੀ ਬੈਠਕ ਵੀ ਸੱਦ ਲਈ ਗਈ ਹੈ। ਸ਼ਾਮ ਨੂੰ 6 ਵਜੇ ਇਹ ਬੈਠਕ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਿੱਲੀ ਵਾਪਸੀ ਤੋਂ ਬਾਅਦ, ਸੁਰੱਖਿਆ ਮਾਮਲਿਆਂ ਦੀ ਕਮੇਟੀ ਸ਼ਾਮ 6 ਵਜੇ ਮੀਟਿੰਗ ਕਰੇਗੀ। ਅਮਿਤ ਸ਼ਾਹ ਸੀਸੀਐਸ ਨੂੰ ਵੀ ਜਾਣਕਾਰੀ ਦੇਣਗੇ। ਗ੍ਰਹਿ ਮੰਤਰੀ ਤੋਂ ਇਲਾਵਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਜੈਸ਼ੰਕਰ, ਐੱਨ.ਐੱਸ.ਏ. ਅਜੀਤ ਡੋਭਾਲ ਅਤੇ ਪੀ. ਐੱਮ. ਓ. ਦੇ ਪ੍ਰਿੰਸੀਪਲ ਸਕੱਤਰ ਮੀਟਿੰਗ ਵਿੱਚ ਮੌਜੂਦ ਰਹਿਣਗੇ। ਹਾਲਾਂਕਿ, ਸੀ. ਸੀ. ਐੱਸ. ਮੈਂਬਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਦੇਸ਼ ਦੌਰੇ ਤੋਂ ਰਾਤ 10 ਵਜੇ ਦੇ ਕਰੀਬ ਦਿੱਲੀ ਪਹੁੰਚਣਗੇ, ਇਸ ਲਈ ਉਨ੍ਹਾਂ ਦੇ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਪਹਿਲਗਾਮ ਹਮਲੇ ਦੇ ਜਵਾਬ ਲਈ ਇੱਕ ਬਲੂਪ੍ਰਿੰਟ ਤਿਆਰ ਕੀਤਾ ਜਾਵੇਗਾ।
ਇਸੇ ਵਿਚਾਲੇ ਪਾਕਿਸਤਾਨ ਨੂੰ ਹੁਣ ਜਵਾਬੀ ਕਾਰਵਾਈ ਦਾ ਡਰ ਸਤਾਉਣ ਲੱਗਾ ਹੈ। ਪਾਕਿਸਤਾਨੀ ਅੱਤਵਾਦੀਆਂ ਵਲੋਂ ਪਹਿਲਗਾਮ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਦੀ ਮੌਤ ਦਾ ਬਦਲਾ ਲੈਣ ਲਈ ਜਿਵੇਂ-ਜਿਵੇਂ ਭਾਰਤ ਵਲੋਂ ਰਣਨਿਤੀ ਤਿਆਰ ਕੀਤੀ ਜਾ ਰਹੀ ਹੈ, ਉਵੇਂ-ਉਵੇਂ ਹੀ ਪਾਕਿਸਤਾਨ ਡਰ ਦੇ ਮਾਰ ਕੰਬਣ ਲੱਗਾ ਹੈ। ਇਸ ਸੰਬੰਧੀ ਪਾਕਿਸਾਤਨ ਦਾ ਡਰ ਵੀ ਸਾਫ ਨਜ਼ਰ ਆਉਣ ਲੱਗ ਪਿਆ ਹੈ।
ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਨੇ ਭਾਰਤ ਦੀ ਸੰਭਾਵਿਤ ਕਾਰਵਾਈ 'ਤੇ ਗੱਲ ਕੀਤੀ। ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸੰਭਾਵਿਤ ਬਦਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਹਾ, "ਪਾਕਿਸਤਾਨ ਰਾਜਨੀਤਿਕ ਤੌਰ 'ਤੇ ਵੰਡਿਆ ਹੋ ਸਕਦਾ ਹੈ, ਪਰ ਅਸੀਂ ਇੱਕ ਰਾਸ਼ਟਰ ਵਜੋਂ ਇੱਕਜੁੱਟ ਹਾਂ। ਜੇਕਰ ਭਾਰਤ ਵੱਲੋਂ ਕੋਈ ਹਮਲਾ ਜਾਂ ਖ਼ਤਰਾ ਹੁੰਦਾ ਹੈ, ਤਾਂ ਸਾਰੇ ਸਮੂਹ (ਪੀ. ਐੱਮ. ਐੱਲ.-ਐੱਨ., ਪੀ. ਪੀ. ਪੀ., ਪੀ. ਟੀ. ਆਈ., ਜੇ. ਯੂ. ਆਈ. ਅਤੇ ਹੋਰ) ਆਪਣੀ ਮਾਤ ਭੂਮੀ ਦੀ ਰੱਖਿਆ ਲਈ ਪਾਕਿਸਤਾਨੀ ਝੰਡੇ ਹੇਠ ਇੱਕਜੁੱਟ ਹੋਣਗੇ।"
Pakistan is politically divided , but we stand united as a nation. If attacked or threatened by India, all groups—PML-N, PPP, PTI, JUI, and others—will rally together under the Pakistani flag to defend our homeland. #Pakistan
— Ch Fawad Hussain (@fawadchaudhry) April 23, 2025
ਇਸੇ ਵਿਚਾਲੇ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੀ ਸੀ. ਸੀ. ਐੱਸ. ਮੀਟਿੰਗ ਤੋਂ ਪਹਿਲਾਂ ਹੀ ਪਾਕਿਸਤਾਨ ਦੀ ਫੌਜ ਚੌਕਸ ਹੋ ਗਈ ਹੈ। ਪਾਕਿਸਤਾਨੀ ਫੌਜ ਅਤੇ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਐਲਓਸੀ 'ਤੇ ਤਾਇਨਾਤ ਫੌਜੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ, ਗਸ਼ਤ ਕਰਨ ਵਾਲੀਆਂ ਪਾਰਟੀਆਂ ਨੂੰ ਵੀ ਬੇਸ ਵਿੱਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।