ਰੋਜ਼ਗਾਰ ਨਾਲ ਜੁੜੀ ਹੌਸਲਾ-ਵਧਾਊ ਯੋਜਨਾ ’ਤੇ ਰਾਹੁਲ ਬੋਲੇ- ''ਕੀ ਇਹ ਇਕ ਹੋਰ ਜੁਮਲਾ ਹੈ?''
Saturday, Apr 12, 2025 - 12:36 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੋਜ਼ਗਾਰ ਨਾਲ ਜੁੜੀ ਹੌਸਲਾ-ਵਧਾਊ ਯੋਜਨਾ (ਈ. ਐੱਲ. ਆਈ.) ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਸਵਾਲ ਕੀਤਾ ਕਿ ਕੀ ਇਹ ਇਕ ਹੋਰ ਜੁਮਲਾ ਹੈ? ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਵਾਅਦਾ ਕਰਦੇ ਹੋਏ ਬਹੁਤ ਧੂਮਧਾਮ ਨਾਲ ‘ਰੋਜ਼ਗਾਰ ਨਾਲ ਜੁੜੀ ਹੌਸਲਾ-ਵਧਾਊ ਯੋਜਨਾ’ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ ਦੋਸ਼ਾਂ ’ਤੇ ਸਰਕਾਰ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ–‘‘2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕਰਦੇ ਹੋਏ ਬਹੁਤ ਧੂਮਧਾਮ ਨਾਲ ‘ਰੋਜ਼ਗਾਰ ਨਾਲ ਜੁੜੀ ਹੌਸਲਾ-ਵਧਾਊ ਯੋਜਨਾ’ ਦਾ ਐਲਾਨ ਕੀਤਾ ਸੀ। ਇਸ ਐਲਾਨ ਨੂੰ ਲੱਗਭਗ ਇਕ ਸਾਲ ਬੀਤ ਚੁੱਕਾ ਹੈ ਪਰ ਸਰਕਾਰ ਨੇ ਇਸ ਨੂੰ ਪ੍ਰਭਾਸ਼ਿਤ ਵੀ ਨਹੀਂ ਕੀਤਾ ਅਤੇ ਇਸ ਲਈ ਅਲਾਟ ਕੀਤੇ 10,000 ਕਰੋੜ ਰੁਪਏ ਵਾਪਸ ਕਰ ਦਿੱਤੇ ਹਨ।’’ ਉਨ੍ਹਾਂ ਤੰਜ ਕਰਦੇ ਹੋਏ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੀ. ਐੱਮ. ਮੋਦੀ ਬੇਰੋਜ਼ਗਾਰੀ ਦੇ ਮੁੱਦੇ ’ਤੇ ਕਿੰਨੇ ਗੰਭੀਰ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਸਿਰਫ ਵੱਡੇ ਕਾਰਪੋਰੇਟ ਸਮੂਹਾਂ ਵੱਲ ਧਿਆਨ ਦੇ ਕੇ, ਨਿਰਪੱਖ ਕਾਰੋਬਾਰਾਂ ’ਤੇ ਮਿਲੀਭੁਗਤ ਵਾਲੇ ਪੂੰਜੀਪਤੀਆਂ ਨੂੰ ਹੱਲਸ਼ੇਰੀ ਦੇ ਕੇ, ਉਤਪਾਦਨ ’ਤੇ ‘ਅਸੈਂਬਲਿੰਗ’ ਨੂੰ ਤਰਜੀਹ ਦੇ ਕੇ ਅਤੇ ਭਾਰਤ ਦੀ ਸਵਦੇਸ਼ੀ ਮੁਹਾਰਤ ਨੂੰ ਅਣਡਿੱਠ ਕਰ ਕੇ ਨੌਕਰੀਆਂ ਪੈਦਾ ਨਹੀਂ ਕੀਤੀਆਂ ਜਾ ਸਕਦੀਆਂ।