ਪਹਿਲਗਾਮ ਹਮਲੇ ਮਗਰੋਂ ਦਿੱਲੀ ''ਚ ਹਾਈ ਅਲਰਟ, ਚੱਪੇ-ਚੱਪੇ ''ਤੇ ਤਾਇਨਾਤ ਪੁਲਸ

Wednesday, Apr 23, 2025 - 04:03 PM (IST)

ਪਹਿਲਗਾਮ ਹਮਲੇ ਮਗਰੋਂ ਦਿੱਲੀ ''ਚ ਹਾਈ ਅਲਰਟ, ਚੱਪੇ-ਚੱਪੇ ''ਤੇ ਤਾਇਨਾਤ ਪੁਲਸ

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਮਗਰੋਂ ਰਾਸ਼ਟਰੀ ਰਾਜਧਾਨੀ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਸ਼ਮੀਰ ਵਿਚ ਪਹਿਲਗਾਮ ਨੇੜੇ 'ਮਿੰਨੀ ਸਵਿਟਜ਼ਰਲੈਂਡ' ਨਾਂ ਤੋਂ ਮਸ਼ਹੂਰ ਸੈਰ-ਸਪਾਟਾ ਵਾਲੀ ਥਾਂ 'ਤੇ ਮੰਗਲਵਾਰ ਨੂੰ ਅੱਤਵਾਦੀ ਹਮਲੇ 'ਚ 28 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਸੈਲਾਨੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ 'ਚ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਦਿੱਲੀ ਪੁਲਸ ਦੇ ਨਾਲ ਅਰਧ ਸੈਨਿਕ ਬਲ ਤਾਇਨਾਤ ਕੀਤੇ ਹਨ। ਉੱਥੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਰਾਸ਼ਟਰੀ ਰਾਜਧਾਨੀ ਵਿਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਖਾਸ ਤੌਰ 'ਤੇ ਸੈਰ-ਸਪਾਟਾ ਵਾਲੀਆਂ ਥਾਵਾਂ ਅਤੇ ਸਰਹੱਦੀ ਚੌਕੀਆਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  'ਕਲਮਾ ਪੜ੍ਹਨ ਨੂੰ ਕਿਹਾ ਤੇ ਫਿਰ ਮਾਰ 'ਤੀਆਂ ਗੋਲੀਆਂ', ਰੋਂਦੀ ਧੀ ਨੇ ਬਿਆਨ ਕੀਤਾ ਦਰਦ

ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਲਾਲ ਕਿਲਾ, ਇੰਡੀਆ ਗੇਟ, ਕੁਤੁਬ ਮੀਨਾਰ, ਹੁਮਾਯੂੰ ਦਾ ਮਕਬਰਾ, ਬੰਗਲਾ ਸਾਹਿਬ ਗੁਰਦੁਆਰਾ, ਲੋਟਸ ਟੈਂਪਲ, ਅਕਸ਼ਰਧਾਮ ਮੰਦਰ, ਲੋਧੀ ਗਾਰਡਨ, ਜਾਮਾ ਮਸਜਿਦ, ਦਿੱਲੀ ਹਾਟ ਆਈਐਨਏ, ਰਾਸ਼ਟਰੀ ਅਜਾਇਬ ਘਰ, ਜੰਤਰ ਮੰਤਰ, ਹਜ਼ਰਤ ਨਿਜ਼ਾਮੁਦੀਨ ਔਲੀਆ ਦਰਗਾਹ, ਰਾਜਘਾਟ ਅਤੇ ਸਫਦਰਜੰਗ ਮਕਬਰੇ ਵਰਗੇ ਮਸ਼ਹੂਰ ਸੈਰ-ਸਪਾਟਾ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਰਾਸ਼ਟਰੀ ਰਾਜਧਾਨੀ 'ਚ ਮੈਟਰੋ ਸਟੇਸ਼ਨਾਂ, ਬੱਸ ਟਰਮੀਨਲਾਂ, ਰੇਲਵੇ ਸਟੇਸ਼ਨਾਂ, ਮਾਲ ਅਤੇ ਬਾਜ਼ਾਰਾਂ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਕਈ ਮੈਟਰੋ ਸਟੇਸ਼ਨਾਂ ਦੇ ਅੰਦਰ ਦਿੱਲੀ ਪੁਲਸ ਦੇ ਵਿਸ਼ੇਸ਼ ਹੈਲਪ ਡੈਸਕ ਸਥਾਪਤ ਕੀਤੇ ਹਨ।

ਇਹ ਵੀ ਪੜ੍ਹੋ- ਪਹਿਲਗਾਮ ਹਮਲਾ; ‘ਭੇਲਪੂਰੀ ਖਾਂਦਿਆਂ ਪੁੱਛਿਆ ਮੁਸਲਿਮ ਹੋ? ਫਿਰ ਮਾਰ 'ਤੀ ਗੋਲੀ’

ਸੁਰੱਖਿਆ ਬਲਾਂ ਨੂੰ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਰੇ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਮੌਜੂਦ ਰਹਿਣਗੇ ਅਤੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਹੱਦਾਂ 'ਤੇ ਨੇੜਿਓਂ ਨਜ਼ਰ ਰੱਖਣਗੇ। ਅਧਿਕਾਰੀਆਂ ਨੇ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ ਵਿਚ ਆਵਾਜਾਈ ਨੂੰ ਵੀ ਕੰਟਰੋਲ ਕੀਤਾ ਗਿਆ ਹੈ। ਇਹ ਸੁਰੱਖਿਆ ਅਲਰਟ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਭਾਰਤ ਫੇਰੀ ਦੌਰਾਨ ਜਾਰੀ ਕੀਤਾ ਗਿਆ ਸੀ, ਜਿਸ ਲਈ ਦਿੱਲੀ ਪੁਲਸ ਨੇ ਪਹਿਲਾਂ ਹੀ ਦਿੱਲੀ ਅਤੇ ਹੋਰ ਸ਼ਹਿਰਾਂ ਦੇ ਪ੍ਰਮੁੱਖ ਬਾਜ਼ਾਰਾਂ 'ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਚਾਂਦਨੀ ਚੌਕ, ਸਦਰ ਬਾਜ਼ਾਰ, ਲਾਜਪਤ ਨਗਰ, ਸਰੋਜਨੀ ਨਗਰ ਅਤੇ ਰਾਜੌਰੀ ਗਾਰਡਨ ਆਦਿ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- Pahalgam Attack: ਸਰਕਾਰ ਵਲੋਂ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News