ਸਿਰਸਾ ਬੋਲੇ- ਕੂੜੇ ਦੇ ਪਹਾੜ 5 ਸਾਲਾਂ ''ਚ ਡਾਇਨਾਸੋਰ ਵਾਂਗ ਹੋ ਜਾਣਗੇ ਗਾਇਬ
Thursday, Apr 17, 2025 - 05:26 PM (IST)

ਨਵੀਂ ਦਿੱਲੀ- ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਸ਼ਹਿਰ ਵਿਚ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ 'ਚ ਤੇਜ਼ੀ ਲਿਆਉਣ ਲਈ ਇਕ ਵਾਧੂ ਏਜੰਸੀ ਨਾਲ ਕਰਾਰ ਕਰਨ ਦੀ ਸੰਭਾਵਨਾ ਤਲਾਸ਼ ਰਹੀ ਹੈ। ਸਿਰਸਾ ਨੇ ਕਿਹਾ ਕਿ ਸ਼ਹਿਰ ਦੇ ਕੂੜੇ ਦੇ ਢੇਰ ਅਗਲ 5 ਸਾਲ ਵਿਚ ਡਾਇਨਾਸੋਰ ਵਾਂਗ ਗਾਇਬ ਹੋ ਜਾਣਗੇ। ਉਨ੍ਹਾਂ ਨੇ ਗਾਜੀਪੁਰ ਲੈਂਡਫਿਲ ਸਾਈਟ ਦਾ ਨਿਰੀਖਣ ਕਰਨ ਦੌਰਾਨ ਕਿਹਾ ਕਿ ਸਰਕਾਰ ਪੁਰਾਣੇ ਕੂੜੇ ਨੂੰ ਸਾਫ਼ ਕਰਨ ਅਤੇ ਸ਼ਹਿਰ ਨੂੰ ਪਹਾੜਾਂ ਵਾਂਗ ਜਮ੍ਹਾ ਹੋਏ ਕੂੜੇ ਦੇ ਵੱਡੇ ਢੇਰ ਤੋਂ ਮੁਕਤ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਸਿਰਸਾ ਨੇ ਕਿਹਾ ਕਿ ਮੈਂ ਆਪਣੀ ਵਚਨਬੱਧਤਾ ਜ਼ਾਹਰ ਕਰਨਾ ਚਾਹੁੰਦਾ ਹਾਂ ਕਿ ਦਿੱਲੀ ਵਿਚ ਕੂੜੇ ਦੇ ਪਹਾੜ ਡਾਇਨਾਸੋਰ ਵਾਂਗ ਗਾਇਬ ਹੋ ਜਾਣਗੇ।
ਸਿਰਸਾ ਨੇ ਅੱਗੇ ਕਿਹਾ ਕਿ ਸਾਈਟ 'ਤੇ ਜਮ੍ਹਾ ਕੀਤੇ ਗਏ 70 ਲੱਖ ਮੀਟ੍ਰਿਕ ਟਨ ਕੂੜੇ 'ਚੋਂ 14-15 ਲੱਖ ਟਨ ਨੂੰ ਪ੍ਰੋਸੈਸ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਾਇਓਮਾਈਨਿੰਗ ਦੇ ਕੰਮ ਦੀ ਰਫ਼ਤਾਰ ਵਧੀ ਹੈ ਅਤੇ ਅਗਲੇ 6 ਮਹੀਨਿਆਂ 'ਚ ਪ੍ਰਤੀ ਦਿਨ ਲਗਭਗ 7,000 ਤੋਂ 8,000 ਮੀਟ੍ਰਿਕ ਟਨ ਰਹਿੰਦ-ਖੂੰਹਦ ਨੂੰ ਪ੍ਰੋਸੈਸ ਕੀਤਾ ਜਾਵੇਗਾ। ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਨਗਰ ਨਿਗਮ (MCD) ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਨਵਾਂ ਠੇਕੇਦਾਰ ਅਗਲੇ ਚਾਰ ਤੋਂ ਪੰਜ ਮਹੀਨਿਆਂ ਵਿਚ ਪ੍ਰਤੀ ਦਿਨ ਘੱਟੋ-ਘੱਟ 8,000 ਮੀਟ੍ਰਿਕ ਟਨ ਕੂੜੇ ਦਾ ਨਿਪਟਾਰਾ ਕਰੇ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਵਾਂ ਠੇਕੇਦਾਰ ਟੀਚਾ ਪੂਰਾ ਕਰਨ ਵਿਚ ਅਸਫ਼ਲ ਰਹੇ ਤਾਂ ਉਸ 'ਤੇ ਜੁਰਮਾਨਾ ਲਾਇਆ ਜਾਵੇਗਾ। ਦਿੱਲੀ ਸਰਕਾਰ ਕੂੜੇ ਦੀ ਪ੍ਰੋਸੈਸਿੰਗ ਨੂੰ ਤੇਜ਼ ਕਰਨ ਲਈ ਇਕ ਵਾਧੂ ਏਜੰਸੀ ਦੀ ਨਿਯੁਕਤੀ ਦੀ ਸੰਭਾਵਨਾ ਵੀ ਤਲਾਸ਼ ਰਹੀ ਹੈ। ਸਿਰਸਾ ਨੇ ਕਿਹਾ ਕਿ ਅਸੀਂ ਸਕੱਤਰੇਤ 'ਚ ਡੈਸ਼ਬੋਰਡ ਰਾਹੀਂ ਰੋਜ਼ਾਨਾ ਨਿਗਰਾਨੀ ਕਰ ਰਹੇ ਹਾਂ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਮੁਤਾਬਕ ਕੀਤੀ ਗਈ ਵਚਨਬੱਧਤਾ ਹੈ ਅਤੇ ਅਸੀਂ ਇਸ ਨੂੰ ਬਿਨਾਂ ਕਿਸੇ ਕਮੀ ਦੇ ਪੂਰਾ ਕਰਨ ਲਈ ਦ੍ਰਿੜ ਸਕਲੰਪ ਹਾਂ।